Gaza: Israel ਤੇ America ਦੇ ਸਹਿਯੋਗ ਵਾਲੇ ਖੁਰਾਕ ਵੰਡ ਕੇਂਦਰਾਂ ਨੇੜੇ ਗੋਲੀਬਾਰੀ, ਅੱਠ ਵਿਅਕਤੀ ਹਲਾਕ
ਖਾਨ ਯੂਨਿਸ, 15 ਜੂਨ
ਗਾਜ਼ਾ ਪੱਟੀ ਵਿੱਚ ਅੱਜ ਇਜ਼ਰਾਈਲ ਅਤੇ ਅਮਰੀਕਾ ਦੇ ਸਮਰਥਨ ਵਾਲੇ ਖੁਰਾਕ ਵੰਡ ਕੇਂਦਰਾਂ ਨੇੜੇ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਅੱਠ ਫਲਸਤੀਨੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਤੱਖਦਰਸੀਆਂ ਨੇ ਇਜ਼ਰਾਇਲੀ ਫੌਜ ਨੂੰ ਦੋਸ਼ੀ ਠਹਿਰਾਇਆ ਜਿਸ ਨੇ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤਾ ਹੈ।
ਹਮਾਸ ਦੇ ਸੱਤ ਅਕਤੂਬਰ ਦੇ ਹਮਲੇ ਨੂੰ 20 ਮਹੀਨੇ ਤੋਂ ਵੱਧ ਸਮਾਂ ਹੋਣ ਤੋਂ ਬਾਅਦ ਵੀ ਗਾਜ਼ਾ ਵਿੱਚ ਜੰਗ ਜਾਰੀ ਹੈ। ਉਸ ਹਮਲੇ ਨੇ ਘਟਨਾਵਾਂ ਦੀ ਇਕ ਲੜੀ ਸ਼ੁਰੂ ਕਰ ਦਿੱਤੀ, ਜਿਸ ਕਰ ਕੇ ਅੱਜ ਇਜ਼ਰਾਈਲ ਨੇ ਇਰਾਨ ’ਤੇ ਅਚਾਨਕ ਹਮਲਾ ਕਰ ਦਿੱਤਾ।
ਪ੍ਰਤੱਖਦਰਸੀਆਂ ਨੇ ਕਿਹਾ ਕਿ ਇਜ਼ਰਾਇਲੀ ਫੌਜ ਨੇ ਰਾਫ਼ਾਹ ਵਿੱਚ ਦੋ ਸਹਾਇਤਾ ਕੇਂਦਰਾਂ ਵੱਲ ਜਾ ਰਹੇ ਫਲਸਤੀਨੀਆਂ ਦੀ ਭੀੜ ’ਤੇ ਗੋਲੀਬਾਰੀ ਕੀਤੀ। ਮਾਹਿਰਾਂ ਅਤੇ ਸਹਾਇਤਾ ਕਾਰਕੁਨਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਨਾਕਾਬੰਦੀ ਅਤੇ ਫੌਜੀ ਮੁਹਿੰਮ ਨੇ ਵਿਆਪਕ ਪੱਧਰ ’ਤੇ ਭੁੱਖ ਦਾ ਸੰਕਟ ਪੈਦਾ ਕੀਤਾ ਹੈ ਅਤੇ ਸੋਕੇ ਦਾ ਖ਼ਤਰਾ ਵਧ ਗਿਆ ਹੈ। ਰਾਹਤ ਸਮੱਗਰੀ ਵੰਡ ਕੇਂਦਰਾਂ ਦੇ ਪਿਛਲੇ ਮਹੀਨੇ ਖੁੱਲ੍ਹਣ ਦੇ ਬਾਅਦ ਤੋਂ ਹੀ ਇਨ੍ਹਾਂ ਕੇਂਦਰਾਂ ਦੇ ਆਸ-ਪਾਸ ਲਗਪਗ ਹਰ ਰੋਜ਼ ਗੋਲੀਬਾਰੀ ਹੋ ਰਹੀ ਹੈ।
ਪ੍ਰਤੱਖਦਰਸੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਫੌਜ ਨੇ ਭੀੜ ’ਤੇ ਵਾਰ-ਵਾਰ ਗੋਲੀਬਾਰੀ ਕੀਤੀ ਹੈ ਅਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਕਈ ਲੋਕ ਮਾਰੇ ਗਏ ਹਨ। ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬਲਾਂ ਨੇੜੇ ਆਉਣ ਵਾਲੇ ਸ਼ੱਕੀਆਂ ’ਤੇ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ ਸਨ। ਇਕ ਸਹਾਇਤਾ ਕੇਂਦਰ ਤੋਂ ਖਾਲੀ ਹੱਥ ਪਰਤੇ ਅਹਿਮਦ ਅਲ-ਮਸਰੀ ਨੇ ਅੱਜ ਕਿਹਾ, ‘‘ਉੱਥੇ ਜ਼ਖ਼ਮੀ ਅਤੇ ਮਰੇ ਹੋਏ ਲੋਕ ਸਨ।’’ ਨੇੜਲੇ ਸ਼ਹਿਰ ਖਾਨ ਯੂਨਿਸ ਦੇ ਨਾਸੇਰ ਹਸਪਤਾਲ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਅੱਠ ਲਾਸ਼ਾਂ ਮਿਲੀਆਂ ਹਨ। -ਏਪੀ