ਗਾਜ਼ਾ: ਇਜ਼ਰਾਇਲੀ ਹਮਲੇ ’ਚ ਅਲ ਜਜ਼ੀਰਾ ਦੇ ਚਾਰ ਪੱਤਰਕਾਰਾਂ ਸਣੇ ਪੰਜ ਦੀ ਮੌਤ
ਇਜ਼ਰਾਈਲ ਵੱਲੋਂ ਗਾਜ਼ਾ ਵਿਚ ਕੀਤੇ ਹਵਾਈ ਹਮਲੇ ਵਿਚ ਅਲ ਜਜ਼ੀਰਾ ਦੇ 4 ਪੱਤਰਕਾਰਾਂ ਸਮੇਤੇ ਪੰਜ ਵਿਅਕਤੀ ਮਾਰੇ ਗਏ ਹਨ। ਇਨ੍ਹਾਂ ਪੱਤਰਕਾਰਾਂ ਵਿਚ ਅਨਾਸ ਅਲ ਸ਼ਰੀਫ਼ ਦੀ ਸ਼ਾਮਲ ਹੈ ਜਿਸ ਨੂੰ ਇਜ਼ਰਾਈਲ ਹਮਾਸ ਸੈੱਲ ਦਾ ਆਗੂ ਮੰਨਦਾ ਹੈ। ਅਲ ਜਜ਼ੀਰਾ ਨੇ ਕਿਹਾ ਕਿ ਮਾਰੇ ਗਏ ਹੋਰਨਾਂ ਪੱਤਰਕਾਰਾਂ ਵਿਚ ਮੁਹੰਮਦ ਕਰੀਕੇਹ, ਇਬਰਾਹਿਮ ਜ਼ਾਹਰ ਅਤੇ ਮੁਹੰਮਦ ਨੌਫਲ ਸ਼ਾਮਲ ਹਨ।
ਇਜ਼ਰਾਇਲੀ ਫੌਜ ਨੇ ਵੀ ਐਤਵਾਰ ਨੂੰ ਕੀਤੇ ਹਮਲੇ ਵਿਚ ਅਲ ਜਜ਼ੀਰਾ ਦੇ ਪੱਤਰਕਾਰ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਉਧਰ ਮਨੁੱਖੀ ਹੱਕਾਂ ਬਾਰੇ ਕਾਰਕੁਨਾਂ ਨੇ ਕਿਹਾ ਕਿ ਸ਼ਰੀਫ਼ ਨੂੰ ਗਾਜ਼ਾ ਜੰਗ ਬਾਰੇ ਕੀਤੀ ਰਿਪੋਰਟਿੰਗ ਲਈ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਜ਼ਰਾਈਲ ਦੇ ਦਾਅਵੇ ਖ਼ੋਖਲੇ ਹਨ।
ਗਾਜ਼ਾ ਦੇ ਅਧਿਕਾਰੀਆਂ ਅਤੇ ਅਲ ਜਜ਼ੀਰਾ ਨੇ ਦੱਸਿਆ ਕਿ 28 ਸਾਲਾ ਅਨਸ ਅਲ ਸ਼ਰੀਫ, ਅਲ ਜਜ਼ੀਰਾ ਦੇ ਚਾਰ ਪੱਤਰਕਾਰਾਂ ਅਤੇ ਇੱਕ ਸਹਾਇਕ ਦੇ ਸਮੂਹ ਵਿੱਚ ਸ਼ਾਮਲ ਸੀ ਜੋ ਪੂਰਬੀ ਗਾਜ਼ਾ ਸ਼ਹਿਰ ਵਿੱਚ ਸ਼ਿਫਾ ਹਸਪਤਾਲ ਨੇੜੇ ਇੱਕ ਤੰਬੂ ’ਤੇ ਹੋਏ ਹਮਲੇ ਵਿੱਚ ਮਾਰੇ ਗਏ ਸਨ।
ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿੱਚ ਦੋ ਹੋਰ ਲੋਕ ਵੀ ਮਾਰੇ ਗਏ ਹਨ। ਅਲ ਜਜ਼ੀਰਾ ਨੇ ਅਲ ਸ਼ਰੀਫ ਨੂੰ ‘ਗਾਜ਼ਾ ਦੇ ਸਭ ਤੋਂ ਬਹਾਦਰ ਪੱਤਰਕਾਰਾਂ ਵਿੱਚੋਂ ਇੱਕ’ ਦੱਸਦੇ ਹੋਏ ਕਿਹਾ ਕਿ ਇਹ ਹਮਲਾ ‘ਗਾਜ਼ਾ ’ਤੇ ਕਬਜ਼ੇ ਦੀ ਉਮੀਦ ਵਿੱਚ ਆਵਾਜ਼ਾਂ ਨੂੰ ਚੁੱਪ ਕਰਾਉਣ ਦੀ ਇੱਕ ਬੇਚੈਨ ਕੋਸ਼ਿਸ਼ ਸੀ।’’
ਉਧਰ ਇਜ਼ਰਾਇਲੀ ਫੌਜ ਨੇ ਇੱਕ ਬਿਆਨ ਵਿੱਚ ਗਾਜ਼ਾ ਵਿੱਚੋਂ ਮਿਲੀ ਖੁਫੀਆ ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਅਲ ਸ਼ਰੀਫ ਹਮਾਸ ਸੈੱਲ ਦਾ ਮੁਖੀ ਸੀ ਅਤੇ ‘‘ਇਜ਼ਰਾਈਲੀ ਨਾਗਰਿਕਾਂ ਅਤੇ ਆਈਡੀਐਫ (ਇਜ਼ਰਾਈਲੀ) ਫੌਜਾਂ ਵਿਰੁੱਧ ਰਾਕੇਟ ਹਮਲੇ ਅੱਗੇ ਵਧਾਉਣ ਲਈ ਜ਼ਿੰਮੇਵਾਰ ਸੀ।’’
ਪੱਤਰਕਾਰ ਸਮੂਹਾਂ ਅਤੇ ਅਲ ਜਜ਼ੀਰਾ ਨੇ ਹੱਤਿਆਵਾਂ ਦੀ ਨਿੰਦਾ ਕੀਤੀ ਹੈ। ਇਕ ਪ੍ਰੈੱਸ ਆਜ਼ਾਦੀ ਸਮੂਹ ਅਤੇ ਸੰਯੁਕਤ ਰਾਸ਼ਟਰ ਦੇ ਇੱਕ ਮਾਹਰ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਗਾਜ਼ਾ ਤੋਂ ਰਿਪੋਰਟਿੰਗ ਕੀਤੇ ਜਾਣ ਕਰਕੇ ਅਲ ਸ਼ਰੀਫ ਦੀ ਜਾਨ ਖ਼ਤਰੇ ਵਿੱਚ ਹੈ।
ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਿਪੋਰਟਰ ਆਇਰੀਨ ਖਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਜ਼ਰਾਈਲ ਵੱਲੋਂ ਉਸ ਖਿਲਾਫ ਦਾਅਵੇ ਬੇਬੁਨਿਆਦ ਹਨ।