ਗਾਜ਼ਾ ਜੰਗਬੰਦੀ: ਹਮਾਸ ਨੇ ਸਾਰੇ 20 ਬੰਦੀ ਰਿਹਾਅ ਕੀਤੇ
ਮ੍ਰਿਤਕ ਬੰਦੀਅਾਂ ਦੀਆਂ ਲਾਸ਼ਾਂ ਵੀ ਜਲਦ ਸੌਂਪਣ ਦੀ ਉਮੀਦ; ਫਲਸਤੀਨੀ ਕੈਦੀਆਂ ਨੂੰ ਲੈ ਕੇ ਬੱਸਾਂ ਰਾਮੱਲ੍ਹਾ ਤੇ ਗਾਜ਼ਾ ਪੁੱਜੀਆਂ
ਗਾਜ਼ਾ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਅੱਜ ਸਾਰੇ 20 ਜਿਊਂਦੇ ਬੰਦੀਆਂ ਨੂੰ ਰਿਹਾਅ ਕਰ ਕੇ ‘ਰੈੱਡ ਕਰਾਸ’ ਹਵਾਲੇ ਕਰ ਦਿੱਤਾ ਹੈ। ਇਜ਼ਰਾਇਲੀ ਸੈਨਾ ਨੇ ਇਹ ਜਾਣਕਾਰੀ ਦਿੱਤੀ। ਜੰਗਬੰਦੀ ਤੋਂ ਬਾਅਦ ਦੋ ਸਾਲਾਂ ਤੋਂ ਜਾਰੀ ਜੰਗ ਰੁਕ ਗਈ ਹੈ ਜਿਸ ਨੇ ਖਿੱਤੇ ਨੂੰ ਤਬਾਹ ਕਰ ਦਿੱਤਾ ਹੈ ਅਤੇ ਇਸ ਕਾਰਨ ਹਜ਼ਾਰਾਂ ਫਲਸਤੀਨੀ ਨਾਗਰਿਕ ਮਾਰੇ ਗਏ ਹਨ ਤੇ ਵੱਡੀ ਗਿਣਤੀ ਲੋਕ ਕੱਟੜਪੰਥੀਆਂ ਦੇ ਕਬਜ਼ੇ ਵਿੱਚ ਹਨ। ਦੂਜੇ ਪਾਸੇ ਸਮਝੌਤੇ ਤਹਿਤ 1900 ਫਲਸਤੀਨੀ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਤੇ ਕਈ ਕੈਦੀਆਂ ਨੂੰ ਲੈ ਕੇ ਬੱਸਾਂ ਪੱਛਮੀ ਕੰਢੇ ਦੇ ਰਾਮੱਲ੍ਹਾ ਸ਼ਹਿਰ ਤੇ ਗਾਜ਼ਾ ਪਹੁੰਚ ਗਈਆਂ ਹਨ।
ਹਮਾਸ ਨੇ ਅੱਜ ਸਵੇਰੇ 7 ਬੰਦੀਆਂ ਨੂੰ ਰਿਹਾਅ ਕੀਤਾ ਸੀ; ਬਾਕੀ 13 ਨੂੰ ਇਸ ਤੋਂ ਕੁਝ ਘੰਟੇ ਬਾਅਦ ਰਿਹਾਅ ਕੀਤਾ ਗਿਆ। ਰਿਹਾਅ ਕੀਤੇ ਇਹ 20 ਵਿਅਕਤੀ ਹੁਣ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਾਈ ਜਾਵੇਗੀ। ਬਾਕੀ 28 ਮ੍ਰਿਤਕ ਬੰਦੀਆਂ ਦੀਆਂ ਲਾਸ਼ਾਂ ਵੀ ਜੰਗਬੰਦੀ ਦੇ ਨਿਯਮਾਂ ਤਹਿਤ ਸੌਂਪੇ ਜਾਣ ਦੀ ਉਮੀਦ ਹੈ ਹਾਲਾਂਕਿ ਇਸ ਦੇ ਸਮੇਂ ਬਾਰੇ ਅਜੇ ਤੱਕ ਸਪੱਸ਼ਟ ਨਹੀਂ ਹੈ। ਇਜ਼ਰਾਇਲੀ ਟੀ ਵੀ ਚੈਨਲਾਂ ਨੇ ਜਿਵੇਂ ਹੀ ਬੰਦੀਆਂ ਨੂੰ ‘ਰੈੱਡ ਕਰਾਸ’ ਨੂੰ ਸੌਂਪੇ ਜਾਣ ਦਾ ਐਲਾਨ ਕੀਤਾ, ਬੰਦੀਆਂ ਦੇ ਪਰਿਵਾਰਾਂ ਤੇ ਦੋਸਤਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ।
ਦੂਜੇ ਪਾਸੇ ਹਮਾਸ ਨੇ ਦੱਸਿਆ ਕਿ ਦਰਜਨਾਂ ਫਲਸਤੀਨੀ ਕੈਦੀਆਂ ਨੂੰ ਲੈ ਕੇ ਬੱਸਾਂ ਪੱਛਮੀ ਕੰਢੇ ਦੇ ਸ਼ਹਿਰ ਰਾਮੱਲ੍ਹਾ ਤੇ ਗਾਜ਼ਾ ਪਹੁੰਚ ਗਈਆਂ ਹਨ। ਗਾਜ਼ਾ ’ਚ ਬੰਦ ਸਾਰੇ ਰਹਿੰਦੇ ਬੰਦੀਆਂ ਨੂੰ ਹਮਾਸ ਵੱਲੋਂ ਰਿਹਾਅ ਕੀਤੇ ਜਾਣ ਮਗਰੋਂ ਇਜ਼ਰਾਈਲ ਨੇ ਵੀ ਅੱਜ 1900 ਤੋਂ ਵੱਧ ਕੈਦੀਆਂ ਤੇ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਜ਼ਰਾਈਲ ਪੁੱਜੇ
ਤਲ ਅਵੀਵ: ਅਮਰੀਕਾ ਦੀ ਸਾਲਸੀ ਹੇਠ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਤੇ ਬੰਦੀਆਂ ਨੂੰ ਰਿਹਾਅ ਕਰਨ ਦੇ ਸਮਝੌਤੇ ਨੂੰ ਹਮਾਇਤ ਦੇਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਇਸ ਸਮਝੌਤੇ ਨੇ ਜੰਗ ਨੂੰ ਖਤਮ ਕਰ ਦਿੱਤਾ ਹੈ ਅਤੇ ਇਸ ਨੇ ਪੱਛਮੀ ਏਸ਼ੀਆ ’ਚ ਸਥਾਈ ਸ਼ਾਂਤੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਜਿਵੇਂ ਹੀ ਟਰੰਪ ‘ਏਅਰਫੋਰਸ ਵਨ’ (ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼) ਤੋਂ ਉਤਰੇ ਤਾਂ ਵਾਹਨਾਂ ਦਾ ਕਾਫਲਾ ਹਮਾਸ ਵੱਲੋਂ ਸਮਝੌਤੇ ਤਹਿਤ ਰਿਹਾਅ ਕੀਤੇ ਗਏ ਬੰਦੀਆਂ ਨੂੰ ਲੈ ਕੇ ਇਜ਼ਰਾਈਲ ਪੁੱਜਾ। ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਦਾ ਸਵਾਗਤ ਕੀਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਟਰੰਪ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ। -ਏਪੀ
ਇਜ਼ਰਾਈਲ ਸ਼ਾਂਤੀ ਕਾਇਮ ਰੱਖਣ ਲਈ ਵਚਨਬੱਧ: ਨੇਤਨਯਾਹੂ
ਦੀਰ ਅਲ-ਬਲਾਹ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਅਹਿਦ ਲਿਆ ਕਿ ਉਹ ‘ਸ਼ਾਂਤੀ ਕਾਇਮ ਰੱਖਣ ਲਈ ਵਚਨਬੱਧ’ ਹਨ। ਉਨ੍ਹਾਂ ਕਿਹਾ, ‘‘ਦੋ ਸਾਲਾਂ ਤੋਂ ਜਾਰੀ ਜੰਗ ਅੱਜ ਖਤਮ ਹੋ ਰਹੀ ਹੈ।’’ -ਏਪੀ