ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਅਸਤੀਫਾ, ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਨੂੰ ਅੱਗ ਲਾਈ

ਸੋਸ਼ਲ ਮੀਡੀਆ ਐਪ ’ਤੇ ਪਾਬੰਦੀ ਤੋਂ ਬਾਅਦ ਹੋ ਰਹੇ ਹਨ ਪ੍ਰਦਰਸ਼ਨ; ਲਲਿਤਪੁਰ ਤੇ ਭਗਤਾਪੁਰ ਜ਼ਿਲ੍ਹਿਆਂ ਵਿਚ ਕਰਫਿੳੂ ਲਾਇਆ; ਏਅਰ ਇੰਡੀਆ ਨੇ ਨੇਪਾਲ ਲੲੀ ੳੁਡਾਣਾਂ ਮੁਅੱਤਲ ਕੀਤੀਆਂ
ਸੁਰੱਖਿਆ ਬਲਾਂ ਦੇ ਜਵਾਨ ਇਕ ਪ੍ਰਦਰਸ਼ਨਕਾਰੀ ਨੂੰ ਕਾਬੂ ਕਰਕੇ ਲਿਜਾਂਦੇ ਹੌਏ। ਫੋਟੌ: ਰਾਇਟਰਜ਼
Advertisement

Nepal PM Oli resigned ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨੇਪਾਲ ਵਿਚ ਸਿਆਸੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।

ਨੇਪਾਲ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਸੋਸ਼ਲ ਮੀਡੀਆ ਐਪਲੀਕੇਸ਼ਨ ’ਤੇ ਪਾਬੰਦੀ ਤੋਂ ਬਾਅਦ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ ਤੇ ਅੱਜ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਸੰਸਦ ਭਵਨ ਵਿਚ ਦਾਖਲ ਹੋ ਗਏ। ਇਸ ਤੋਂ ਪਹਿਲਾਂ ਨੇਪਾਲ ਦੇ ਫੌਜ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਇਹ ਕਹਿੰਦਿਆਂ ਅਸਤੀਫਾ ਦੇਣ ਲਈ ਕਿਹਾ ਸੀ ਕਿ ਅਸਤੀਫਾ ਦੇਣ ਨਾਲ ਹਾਲਾਤ ਸੁਧਰ ਸਕਦੇ ਹਨ। ਇਸ ਤੋਂ ਪਹਿਲਾਂ ਓਲੀ ਸਰਕਾਰ ਦੇ ਤਿੰਨ ਮੰਤਰੀਆਂ ਨੇ ਵੀ ਅਸਤੀਫਾ ਦਿੱਤਾ ਸੀ ਤੇ ਵਿਰੋਧੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀ ਨੇਪਾਲ ਦੀ ਸੰਸਦ ਵਿਚ ਦਾਖਲ ਹੋ ਗਏ ਅਤੇ ਅੱਗ ਲਾ ਦਿੱਤੀ। ਸਾਹਮਣੇ ਆਈਆਂ ਤਸਵੀਰਾਂ ਵਿੱਚ ਨੇਪਾਲੀ ਸੰਸਦ ਚੋਂ ਧੂੰਏ ਦੇ ਕਾਲੇ ਬੱਦਲ ਦਿਖਾਈ ਦੇ ਰਹੇ ਹਨ। ਇਸ ਮੌਕੇ ਏਅਰ ਇੰਡੀਆ ਨੇ ਨੇਪਾਲ ਲਈ ਹਵਾਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ ਨੇਪਾਲ ਦੇ ਮੁੱਖ ਹਵਾਈ ਅੱਡੇ ਨੂੰ ਬੰਦ ਕਰਨ ਤੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਕੀਤਾ ਗਿਆ।

Advertisement

ਨੇਪਾਲ ਦੇ ਕਈ ਹਿੱਸਿਆਂ ਵਿੱਚ ਅੱਜ ਵਿਦਿਆਰਥੀਆਂ ਦੀ ਅਗਵਾਈ ਵਿੱਚ ਨਵੇਂ ਸਿਰੇ ਤੋਂ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਜਨਤਕ ਇਕੱਠਾਂ ’ਤੇ ਪਾਬੰਦੀ ਦੀ ਉਲੰਘਣਾ ਕਰਦੇ ਹੋਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ ਕਾਠਮੰਡੂ ਦੇ ਕਾਲੰਕੀ ਅਤੇ ਬਨੇਸ਼ਵਰ ਦੇ ਨਾਲ-ਨਾਲ ਲਲਿਤਪੁਰ ਜ਼ਿਲ੍ਹੇ ਦੇ ਚਾਪਗਾਉਂ-ਥੇਚੋ ਖੇਤਰ ਤੋਂ ਧਰਨੇ ਪ੍ਰਦਰਸ਼ਨਾਂ ਦੀ ਰਿਪੋਰਟ ਮਿਲੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਮੰਗਲਵਾਰ ਨੂੰ ਨੇਪਾਲ ਦੇ ਤੇਜ਼ੀ ਨਾਲ ਵਿਗੜਦੇ ਸਿਆਸੀ ਹਾਲਾਤ ’ਤੇ ਚਰਚਾ ਕਰਨ ਲਈ ਸਰਬ-ਪਾਰਟੀ ਮੀਟਿੰਗ ਸੱਦ ਲਈ ਸੀ।

ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚੋਂ ਬਹੁਗਿਣਤੀ ਵਿਦਿਆਰਥੀ ਸਨ, ਨੇ ਜਨਤਕ ਇਕੱਠਾਂ ’ਤੇ ਪਾਬੰਦੀ ਦੀ ਉਲੰਘਣਾ ਕਰਦੇ ਹੋਏ ‘ਵਿਦਿਆਰਥੀਆਂ ਨੂੰ ਨਾ ਮਾਰੋ’ ਵਰਗੇ ਨਾਅਰੇ ਲਗਾਏ। ਏਐਨਆਈ ਨੇ ‘ਦਿ ਹਿਮਾਲੀਅਨ ਟਾਈਮਜ਼’ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਸਵੇਰੇ ਲਲਿਤਪੁਰ ਦੇ ਸੁਨਾਕੋਠੀ ਵਿੱਚ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਪ੍ਰਿਥਵੀ ਸੁੱਬਾ ਗੁਰੰਗ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ। ਗੁਰੰਗ ਨੇ ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ।

ਪੁਲੀਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਸ਼ੁਰੂ ਵਿੱਚ ਮੰਤਰੀ ਦੇ ਘਰ ’ਤੇ ਪੱਥਰ ਸੁੱਟੇ, ਜਿਸ ਤੋਂ ਬਾਅਦ ਹਾਲਾਤ ਅੱਗਜ਼ਨੀ ਤੱਕ ਪਹੁੰਚ ਗਏ। ‘ਦ ਹਿਮਾਲੀਅਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਭੰਨਤੋੜ ਅਤੇ ਅੱਗ ਲੱਗਣ ਦੀ ਇੱਕ ਛੋਟੀ ਜਿਹੀ ਘਟਨਾ ਵਾਪਰੀ, ਹਾਲਾਂਕਿ ਹਾਲਾਤ ਹੁਣ ਕਾਬੂ ਵਿੱਚ ਹਨ।

ਉਧਰ ਇੱਕ ਤਾਜ਼ਾ ਘਟਨਾਕ੍ਰਮ ਵਿੱਚ ਨੇਪਾਲ ਦੇ ਖੇਤੀਬਾੜੀ ਮੰਤਰੀ ਰਾਮ ਨਾਥ ਅਧਿਕਾਰੀ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਪ੍ਰਦਰਸ਼ਨਕਾਰੀਆਂ ਖਿਲਾਫ਼ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕੀਤੀ।

‘ਦ ਕਾਠਮੰਡੂ ਪੋਸਟ’ ਦੀ ਰਿਪੋਰਟ ਅਨੁਸਾਰ ਨੇਪਾਲੀ ਕਾਂਗਰਸ ਦੇ ਸ਼ੇਖਰ ਕੋਇਰਾਲਾ ਧੜੇ ਦੇ ਮੈਂਬਰ ਅਧਿਕਾਰੀ ਨੇ ਸੋਮਵਾਰ ਦੇ 'ਜਨਰਲ ਜ਼ੈੱਡ' ਵਿਰੋਧ ਪ੍ਰਦਰਸ਼ਨਾਂ ਪ੍ਰਤੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫ਼ਾ ਗ੍ਰਹਿ ਮੰਤਰੀ ਰਮੇਸ਼ ਲੇਖਕ ਦੇ ਸੋਮਵਾਰ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਦੇ ਸਰਕਾਰ ਦੇ ਢੰਗ ਤਰੀਕੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ।

ਉਧਰ ਕਲੰਕੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਅੱਜ ਤੜਕਸਾਰ ਤੋਂ ਹੀ ਸੜਕਾਂ ਨੂੰ ਰੋਕਣ ਲਈ ਟਾਇਰ ਸਾੜੇ। ਉਨ੍ਹਾਂ ਨੇ ‘ਕੇਪੀ ਚੋਰ, ਦੇਸ਼ ਛੱਡੋ’, ‘ਭ੍ਰਿਸ਼ਟ ਨੇਤਾਵਾਂ ਵਿਰੁੱਧ ਕਾਰਵਾਈ ਕਰੋ’ ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਲਲਿਤਪੁਰ ਦੇ ਖੁਮਲਤਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੇ ਘਰ ਦੀ ਵੀ ਭੰਨਤੋੜ ਕੀਤੀ। ਉਨ੍ਹਾਂ ਨੇ ਕਾਠਮੰਡੂ ਦੇ ਬੁਢਾਨੀਲਕੰਠਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ ਦੇ ਘਰ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਨੇ ਕਾਠਮੰਡੂ, ਲਲਿਤਪੁਰ ਅਤੇ ਭਗਤਪੁਰ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਹੈ।

ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਰਾਜਧਾਨੀ ਕਾਠਮੰਡੂ ਵਿੱਚ ਸਵੇਰੇ 8:30 ਵਜੇ ਤੋਂ ਅਗਲੇ ਨੋਟਿਸ ਤੱਕ ਕਰਫਿਊ ਲਗਾ ਦਿੱਤਾ ਹੈ। ਭਗਤਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੱਧਪੁਰ ਥਿਮੀ, ਸੂਰਿਆਬਿਨਾਇਕ, ਚੰਗੁਨਾਰਾਇਣ ਅਤੇ ਭਗਤਪੁਰ ਨਗਰਪਾਲਿਕਾਵਾਂ ਵਿੱਚ ਵੀ ਸਵੇਰੇ 8:30 ਵਜੇ ਤੋਂ ਅਗਲੇ ਨੋਟਿਸ ਤੱਕ ਪਾਬੰਦੀਆਂ ਲਗਾਈਆਂ ਹਨ। ਲਲਿਤਪੁਰ ਦਾ ਕਰਫਿਊ ਸਵੇਰੇ 9 ਵਜੇ ਤੋਂ ਅੱਧੀ ਰਾਤ ਤੱਕ ਲਾਗੂ ਹੈ, ਜਿਨ੍ਹਾਂ ਵਿੱਚ ਭੈਸੇਪਤੀ, ਸਨੇਪਾ ਅਤੇ ਚਿਆਸਲ ਆਦਿ ਇਲਾਕੇ ਸ਼ਾਮਲ ਹਨ।

ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਖਿਲਾਫ਼ ਨੌਜਵਾਨਾਂ ਵੱਲੋਂ ਕੀਤੇ ਗਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੇ ਸੋਮਵਾਰ ਨੂੰ ਨੇਪਾਲ ਨੂੰ ਹਿਲਾ ਕੇ ਰੱਖ ਦਿੱਤਾ। ਪ੍ਰਦਰਸ਼ਨਕਾਰੀ ਨੌਜਵਾਨਾਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਏ ਟਕਰਾਅ ਵਿਚ ਹੁਣ ਤੱਕ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਹੋਰ ਜ਼ਖਮੀ ਹੋ ਗਏ। ਹਾਲਾਤ ਵਿਗੜਨ ਮਗਰੋਂ ਰਾਜਧਾਨੀ ਵਿੱਚ ਨੇਪਾਲੀ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਫੌਜ ਦੇ ਜਵਾਨਾਂ ਨੇ ਨਿਊ ਬਨੇਸ਼ਵਰ ਵਿੱਚ ਸੰਸਦ ਕੰਪਲੈਕਸ ਦੇ ਆਲੇ-ਦੁਆਲੇ ਦੀਆਂ ਸੜਕਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ। -ਏਜੰਸੀਆਂ

Advertisement
Tags :
#NepalProtests#SocialMediaBanAntiGovernmentProtestsCurfewKathmanduKathmanduCurfewKathmanduDemonstrationsNepalCrisisNepalEmergencystudentProtestsYouthClashesਸੋਸ਼ਲ ਮੀਡੀਆ ਪਾਬੰਦੀਕਰਫਿਊ ਕਾਠਮੰਡੂਨੇਪਾਲ ਸੰਕਟਨੇਪਾਲ ਪ੍ਰਦਰਸ਼ਨ
Show comments