ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ
ਫਰਾਂਸ ਦੇ ਪ੍ਰਧਾਨ ਮੰਤਰੀ ਸਬੈਸਟੀਅਨ ਲੇਕੋਰਨੂ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਲੇਕੋਰਨੂ ਨੇ ਇਕ ਦਿਨ ਪਹਿਲਾਂ ਹੀ ਆਪਣੇ ਮੰਤਰੀ ਮੰਡਲ ਦਾ ਐਲਾਨ ਕੀਤਾ ਸੀ ਅਤੇ ਉਹ ਇਕ ਮਹੀਨੇ ਤੋਂ ਵੀ ਘੱਟ ਸਮੇਂ ਤੱਕ ਅਹੁਦੇ ’ਤੇ ਰਹੇ। ਫਰਾਂਸੀਸੀ ਰਾਸ਼ਟਰਪਤੀ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸਬੈਸਟੀਅਨ ਲੇਕੋਰਨੂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਲੇਕੋਰਨੂ ਵੱਲੋਂ ਕੀਤੀ ਗਈ ਮੰਤਰੀਆਂ ਦੀ ਚੋਣ ਦੀ ਸਿਆਸੀ ਹਲਕਿਆਂ ਵਿੱਚ ਆਲੋਚਨਾ ਹੋਈ ਸੀ, ਖ਼ਾਸ ਤੌਰ ’ਤੇ ਸਾਬਕਾ ਵਿੱਤ ਮੰਤਰੀ ਬਰੂਨੋ ਲੇ ਮਾਇਰ ਨੂੰ ਰੱਖਿਆ ਮੰਤਰਾਲੇ ਵਿੱਚ ਵਾਪਸ ਲਿਆਉਣ ਦੇ ਉਨ੍ਹਾਂ ਦੇ ਫੈਸਲੇ ਦੀ ਕਾਫੀ ਆਲੋਚਨਾ ਹੋਈ। ਹੋਰ ਪ੍ਰਮੁੱਖ ਅਹੁਦਿਆਂ ’ਤੇ ਪਿਛਲੇ ਮੰਤਰੀ ਮੰਡਲ ਨਾਲੋਂ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ। ਰੂੜ੍ਹੀਵਾਦੀ ਬਰੂਨੋ ਰਿਤਾਈਲਿਊ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਬਣੇ ਰਹੇ, ਜੋ ਪੁਲੀਸ ਅਤੇ ਅੰਦਰੂਨੀ ਸੁਰੱਖਿਆ ਦੇ ਇੰਚਾਰਜ ਹਨ। ਜੀਨ-ਨੋਏਲ ਬੈਰਟ ਨੂੰ ਵਿਦੇਸ਼ ਮੰਤਰਾਲਾ ਜਦਕਿ ਗੈਰਾਲਡ ਡਰਮੇਨਿਨ ਨੂੰ ਨਿਆਂ ਮੰਤਰਾਲਾ ਦਿੱਤਾ ਗਿਆ ਸੀ। ਕੌਮੀ ਅਸੈਂਬਲੀ ਵਿੱਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਲੇਕੋਰਨੂ ਨੇ ਐਲਾਨ ਕੀਤਾ ਸੀ ਕਿ ਬਿਨਾਂ ਵੋਟਿੰਗ ਤੋਂ ਬਜਟ ਪਾਸ ਕਰਵਾਉਣ ਲਈ ਵਰਤੀ ਜਾਂਦੀ ਵਿਸ਼ੇਸ਼ ਸੰਵਿਧਾਨਕ ਸ਼ਕਤੀ ਦੀ ਉਹ ਵਰਤੋਂ ਨਹੀਂ ਕਰਨਗੇ।