ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਤੇ ਬਰਤਾਨੀਆ ਵਿਚਾਲੇ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ

ਦੋਹਰੇ ਯੋਗਦਾਨ ਕਰਾਰ ’ਤੇ ਵੀ ਗੱਲ ਨੇਪਰੇ ਚੜ੍ਹੀ; ਪ੍ਰਧਾਨ ਮੰਤਰੀ ਮੋਦੀ ਨੇ ਸਮਝੌਤਿਆਂ ਨੂੰ ਇਤਿਹਾਸਕ ਮੀਲ ਪੱਥਰ ਦੱਸਿਆ; ਬਰਤਾਨਵੀ ਸਕੌਚ ਵਿਸਕੀ ਤੇ ਕਾਰਾਂ ਸਸਤੀਆਂ ਹੋਣਗੀਆਂ
Advertisement

ਨਵੀਂ ਦਿੱਲੀ/ਲੰਡਨ, 6 ਮਈ

ਭਾਰਤ ਤੇ ਯੂਕੇ ਵਿਚਾਲੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਨਾਲ ਹੀ ਅੱਜ ਦੋਹਰਾ ਯੋਗਦਾਨ ਕਰਾਰ ਵੀ ਨੇਪਰੇ ਚੜ੍ਹ ਗਿਆ ਹੈ। ਇਨ੍ਹਾਂ ਸਮਝੌਤਿਆਂ ਨਾਲ ਦੋਵਾਂ ਮੁਲਕਾਂ ’ਚ ਵਪਾਰ, ਨਿਵੇਸ਼, ਵਿਕਾਸ ਤੇ ਰੁਜ਼ਗਾਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨਾਲ ਫੋਨ ’ਤੇ ਗੱਲਬਾਤ ਮਗਰੋਂ ਇਹ ਸਮਝੌਤੇ ਸਿਰੇ ਚੜ੍ਹਨ ਦਾ ਐਲਾਨ ਕੀਤਾ।

ਇਨ੍ਹਾਂ ਸਮਝੌਤਿਆਂ ਮਗਰੋਂ ਭਾਰਤ ’ਚ ਬਰਤਾਨਵੀ ਸਕੌਚ ਵਿਸਕੀ ਤੇ ਕਾਰਾਂ ਸਸਤੀਆਂ ਹੋ ਜਾਣਗੀਆਂ ਜਦਕਿ ਕੱਪੜਿਆਂ ਤੇ ਚਮੜੇ ਦੇ ਉਤਪਾਦਾਂ ਜਿਹੀਆਂ ਭਾਰਤੀ ਦਰਾਮਦਾਂ ’ਤੇ ਟੈਕਸ ਘਟੇਗਾ। ਯੂਰਪੀ ਯੂਨੀਅਨ ਨਾਲੋਂ ਵੱਖ ਹੋਣ ਮਗਰੋਂ ਇਹ ਬਰਤਾਨੀਆ ਦਾ ਸਭ ਤੋਂ ਵੱਡਾ ਵਪਾਰਕ ਸਮਝੌਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਇੱਕ ਇਤਿਹਾਸਕ ਮੀਲ ਪੱਥਰ ਦੇ ਰੂਪ ’ਚ ਭਾਰਤ ਤੇ ਬਰਤਾਨੀਆ ਨੇ ਦੋਹਰੇ ਯੋਗਦਾਨ ਸਮਝੌਤੇ ਨਾਲ ਇੱਕ ਵੱਕਾਰੀ ਤੇ ਦੁਵੱਲੇ ਤੌਰ ’ਤੇ ਲਾਹੇਵੰਦ ਮੁਕਤ ਵਪਾਰ ਸਮਝੌਤਾ (ਐੱਫਟੀਏ) ਕਾਮਯਾਬੀ ਨਾਲ ਨੇਪਰੇ ਚਾੜ੍ਹਿਆ ਹੈ।’

ਉਨ੍ਹਾਂ ਕਿਹਾ, ‘‘ਇਹ ਇਤਿਹਾਸਕ ਸਮਝੌਤੇ ਸਾਡੀ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨਗੇ ਅਤੇ ਦੋਵਾਂ ਦੇਸ਼ਾਂ ਦੇ ਅਰਥਚਾਰਿਆਂ ’ਚ ਵਪਾਰ, ਨਿਵੇਸ਼, ਵਿਕਾਸ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨਗੇ।’’

ਭਾਰਤ ਨੇ ਕਿਹਾ ਕਿ ਇਸ ਸਮਝੌਤੇ ਨਾਲ ਦੋਵਾਂ ਮੁਲਕਾਂ ’ਚ ਜੀਵਨ ਪੱਧਰ ਸੁਧਰਨ ਦੀ ਆਸ ਹੈ। ਬਿਆਨ ਮੁਤਾਬਕ, ‘‘ਇਹ ਸਮਝੌਤਾ ਦੋਵਾਂ ਦੇਸ਼ਾਂ ਲਈ ਆਲਮੀ ਬਾਜ਼ਾਰਾਂ ਲਈ ਉਤਪਾਦਾਂ ਤੇ ਸੇਵਾਵਾਂ ਨੂੰ ਸਾਂਝੇ ਤੌਰ ’ਤੇ ਵਿਕਸਿਤ ਕਰਨ ਦੀਆਂ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹੇਗਾ।’’

ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਦੁਨੀਆ ਭਰ ਦੇ ਅਰਥਚਾਰਿਆਂ ਨਾਲ ਗੱਠਜੋੜ ਮਜ਼ਬੂਤ ਕਰਨਾ ਤੇ ਵਪਾਰ ਅੜਿੱਕਿਆਂ ਨੂੰ ਘਟਾਉਣਾ ਇੱਕ ਮਜ਼ਬੂਤ ਤੇ ਵੱਧ ਸੁਰੱਖਿਅਤ ਅਰਥਚਾਰੇ ਦੇਣ ਵਾਲੀ ਤਬਦੀਲੀ ਦਾ ਹਿੱਸਾ ਹਨ। -ਪੀਟੀਆਈ

Advertisement