France Mosque Attack: ਫਰਾਂਸੀਸੀ ਮਸਜਿਦ ’ਚ ਨਮਾਜ਼ੀ ਦੇ ਕਤਲ ਦੇ ਮਸ਼ਕੂਕ ਵੱਲੋਂ ਇਟਲੀ ਵਿੱਚ ਸਮਰਪਣ
Man suspected of killing worshipper at French mosque has surrendered to police in Italy
ਪੈਰਿਸ, 28 ਅਪਰੈਲ
France Mosque Attack: ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇੱਕ ਫਰਾਂਸੀਸੀ ਮਸਜਿਦ ਵਿੱਚ ਜੁਮੇ ਦੀ ਨਮਾਜ਼ ਮੌਕੇ ਇੱਕ ਮੁਸਲਿਮ ਨਮਾਜ਼ੀ ਦੀ ਹੱਤਿਆ ਦੇ ਮਸ਼ਕੂਕ ਨੇ ਇਟਲੀ ਵਿੱਚ ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ।
ਫਰਾਂਸੀਸੀ ਪੁਲੀਸ ਨੇ ਦੱਖਣੀ ਫਰਾਂਸ ਦੇ ਅਤੀਤ ਵਿਚ ਰਹੇ ਮਾਈਨਿੰਗ ਕਸਬੇ ਲਾ ਗ੍ਰਾਂਡੇ ਕੋਂਬੇ (La Grande Combe) ਵਿੱਚ ਸ਼ੁੱਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਥਾਨਕ ਮੀਡੀਆ ਨੇ ਕਿਹਾ ਕਿ ਹਮਲਾਵਰ ਨੇ ਆਪਣੇ ਫੋਨ 'ਤੇ ਹਮਲਾ ਰਿਕਾਰਡ ਕੀਤਾ ਅਤੇ ਸੁਰੱਖਿਆ ਕੈਮਰੇ ਦੀ ਫੁਟੇਜ ਵਿੱਚ ਉਸਨੂੰ ‘ਅੱਲ੍ਹਾ’ ਦਾ ਅਪਮਾਨ ਕਰਦਿਆਂ ਦਿਖਾਇਆ ਗਿਆ ਹੈ।
ਫਰਾਂਸੀਸੀ ਗ੍ਰਹਿ ਮੰਤਰੀ ਦੇ ਦਫ਼ਤਰ ਨੇ ਸੋਮਵਾਰ ਨੂੰ ਖ਼ਬਰ ਦੀ ਤਫ਼ਸੀਲ ਦਿੱਤੇ ਬਿਨਾਂ ਇੰਨਾ ਹੀ ਕਿਹਾ ਕਿ ਮਸ਼ਕੂਕ ਨੇ ਇਟਲੀ ਵਿੱਚ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਸਥਾਨਕ ਵਕੀਲ ਅਬਦੇਲ ਕਰੀਮ ਗ੍ਰਿਨੀ (Abdelkrim Grini) ਨੇ ਐਤਵਾਰ ਨੂੰ ਕਿਹਾ ਕਿ ਜਾਂਚਕਾਰ ‘ਇਸ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਰਹੇ ਹਨ ਕਿ ਇਹ ਇੱਕ ਇਸਲਾਮੋਫੋਬਿਕ (Islamophobic) ਕਾਰਵਾਈ ਸੀ।’’ ਸਰਕਾਰੀ ਵਕੀਲ ਨੇ ਕਿਹਾ ਕਿ ਸ਼ੱਕੀ ਵਿਅਕਤੀ 2004 ਵਿੱਚ ਫਰਾਂਸ ਵਿੱਚ ਪੈਦਾ ਹੋਇਆ ਸੀ, ਜੋ ਇਸ ਇਲਾਕੇ ਵਿੱਚ ਰਹਿੰਦਾ ਸੀ ਅਤੇ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ (French President Emmanuel Macron) ਨੇ ਕਿਹਾ, "ਫਰਾਂਸ ਵਿੱਚ ਫ਼ਿਰਕਾਪ੍ਰਸਤੀ ਵਾਲੇ ਨਸਲਵਾਦ ਅਤੇ ਨਫ਼ਰਤ ਦੀ ਕਦੇ ਵੀ ਕੋਈ ਜਗ੍ਹਾ ਨਹੀਂ ਹੋਵੇਗੀ।" ਉਨ੍ਹਾਂ ਕਿਹਾ, "ਧਾਰਮਿਕ ਆਜ਼ਾਦੀ ਅਟੱਲ ਹੈ।"
ਪੈਰਿਸ ਦੀ ਗ੍ਰੈਂਡ ਮਸਜਿਦ ਨੇ ਇੱਕ ਬਿਆਨ ਵਿੱਚ ਹਮਲੇ ਦੀ ਨਿੰਦਾ ਕੀਤੀ ਹੈ। ਹਮਲੇ ਵਿਚ ਮਾਰੇ ਗਏ ਨੌਜਵਾਨ ਨਮਾਜ਼ੀ ਦੀ ਪਛਾਣ ਫਰਾਂਸੀਸੀ ਮੀਡੀਆ ਵਿੱਚ ਸਿਰਫ਼ ਅਬੂਬਕਰ ਵਜੋਂ ਕੀਤੀ ਗਈ ਹੈ। ਪੀੜਤ ਨਮਾਜ਼ੀ ਦੀ ਹਮਾਇਤ ਵਿੱਚ ਐਤਵਾਰ ਨੂੰ ਲਾ ਗ੍ਰੈਂਡ ਕੋਂਬੇ ਵਿਖੇ ਇੱਕ ਮਾਰਚ ਕੱਢਿਆ ਗਿਆ ਅਤੇ ਪੈਰਿਸ ਵਿੱਚ ਇਸਲਾਮ ਵਿਰੋਧੀ ਅਪਰਾਧਾਂ ਵਿਰੁੱਧ ਇੱਕ ਇਕੱਠ ਕੀਤਾ ਗਿਆ। -ਏਪੀ