ਅਮਰੀਕਾ ਦੇ ਸਾਬਕਾ NSA ਜੌਹਨ ਬੋਲਟਨ ਦਾ ਦਾਅਵਾ...ਟਰੰਪ ਤੇ ਮੋਦੀ ਦੀ ਨਿੱਜੀ ਦੋਸਤੀ ਹੁਣ ਖ਼ਤਮ ਹੋਈ
Trump Modi relations: ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ (NSA) ਜੌਹਨ ਬੋਲਟਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਚੰਗੇ ਨਿੱਜੀ ਸਬੰਧ ਸਨ, ਪਰ ‘ਹੁਣ ਉਹ ਖ਼ਤਮ ਹੋ ਗਏ ਹਨ।’ ਬੋਲਟਨ ਨੇ ਕਿਹਾ ਕਿ ਅਮਰੀਕੀ ਆਗੂ ਨਾਲ ਗੂੜੇ ਰਿਸ਼ਤੇ ਆਲਮੀ ਆਗੂਆਂ ਨੂੰ ‘ਸਭ ਤੋਂ ਮਾੜੇ ਦੌਰ’ ਤੋਂ ਨਹੀਂ ਬਚਾ ਸਕਣਗੇ। ਬੋਲਟਨ ਦੀ ਇਹ ਟਿੱਪਣੀ ਭਾਰਤ-ਅਮਰੀਕਾ ਰਿਸ਼ਤਿਆਂ ਵਿਚ ਪਿਛਲੇ ਦੋ ਦਹਾਕਿਆਂ ਵਿਚ ਸੰੰਭਾਵੀ ਤੌਰ ’ਤੇ ਸਭ ਤੋਂ ਖਰਾਬ ਦੌਰ ਦੇ ਪਿਛੋਕੜ ਵਿਚ ਆਏ ਹਨ, ਜਿਸ ਵਿਚ ਟਰੰਪ ਦੀ ਟੈਰਿਫ ਨੀਤੀ ਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਭਾਰਤ ਦੀ ਲਗਾਤਾਰ ਨੁਕਤਾਚੀਨੀ ਕਰਕੇ ਤਣਾਅ ਹੋਰ ਵਧ ਗਿਆ ਹੈ।
ਬੋਲਟਨ ਨੇ ਬ੍ਰਿਟਿਸ਼ ਮੀਡੀਆ ਪੋਰਟਲ LBC ਨੂੰ ਇੱਕ ਹਾਲੀਆ ਇੰਟਰਵਿਊ ਵਿੱਚ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਟਰੰਪ ਕੌਮਾਂਤਰੀ ਰਿਸ਼ਤਿਆਂ ਨੂੰ ਆਗੂਆਂ ਨਾਲ ਆਪਣੇ ਨਿੱਜੀ ਸਬੰਧਾਂ ਦੇ ਚਸ਼ਮੇ ਰਾਹੀਂ ਦੇਖਦੇ ਹਨ। ਇਸ ਲਈ ਜੇਕਰ ਉਨ੍ਹਾਂ ਦੇ (ਰੂਸੀ ਰਾਸ਼ਟਰਪਤੀ) ਵਲਾਦੀਮੀਰ ਪੂਤਿਨ ਨਾਲ ਚੰਗੇ ਸਬੰਧ ਹੁੰਦੇ, ਤਾਂ ਅਮਰੀਕਾ ਦੇ ਰੂਸ ਨਾਲ ਵੀ ਚੰਗੇ ਸਬੰਧ ਹੁੰਦੇ। ਸਪੱਸ਼ਟ ਤੌਰ 'ਤੇ, ਅਜਿਹਾ ਨਹੀਂ ਹੈ।’’
ਬੋਲਟਨ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਸਨ, ਪਰ ਹੁਣ ਉਹ ਟਰੰਪ ਦੇ ਇੱਕ ਮੁੱਖ ਆਲੋਚਕ ਹਨ। ਬੋਲਟਨ ਨੇ ਕਿਹਾ, ‘‘ਟਰੰਪ ਦੇ ਮੋਦੀ ਨਾਲ ਬਹੁਤ ਚੰਗੇ ਨਿੱਜੀ ਸਬੰਧ ਸਨ। ਮੈਨੂੰ ਲੱਗਦਾ ਹੈ ਕਿ ਉਹ ਰਿਸ਼ਤਾ ਹੁਣ ਖਤਮ ਹੋ ਗਿਆ ਹੈ, ਅਤੇ ਇਹ ਸਾਰਿਆਂ ਲਈ ਇੱਕ ਸਬਕ ਹੈ। ਮਿਸਾਲ ਵਜੋਂ, (ਬ੍ਰਿਟਿਸ਼ ਪ੍ਰਧਾਨ ਮੰਤਰੀ) ਕੀਰ ਸਟਾਰਮਰ ਲਈ, ਕਿ ਇੱਕ ਚੰਗਾ ਨਿੱਜੀ ਸਬੰਧ ਕਈ ਵਾਰ ਮਦਦਗਾਰ ਹੋ ਸਕਦਾ ਹੈ, ਪਰ ਇਹ ਤੁਹਾਨੂੰ ਸਭ ਤੋਂ ਮਾੜੇ ਹਾਲਾਤ ਤੋਂ ਨਹੀਂ ਬਚਾਏਗਾ।’’
ਟਰੰਪ 17 ਤੋਂ 19 ਸਤੰਬਰ ਤੱਕ ਬ੍ਰਿਟੇਨ ਦਾ ਦੌਰਾ ਕਰਨਗੇ। LBC ਨਾਲ ਆਪਣੀ ਇੰਟਰਵਿਊ ਦੇ ਨਾਲ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ, ਬੋਲਟਨ ਨੇ ਕਿਹਾ ਕਿ ਵ੍ਹਾਈਟ ਹਾਊਸ ਨੇ ‘‘ਅਮਰੀਕਾ-ਭਾਰਤ ਸਬੰਧਾਂ ਨੂੰ ਦਹਾਕਿਆਂ ਪਿੱਛੇ ਧੱਕ ਦਿੱਤਾ ਹੈ, ਜਿਸ ਨਾਲ ਮੋਦੀ ਰੂਸ ਅਤੇ ਚੀਨ ਦੇ ਨੇੜੇ ਆ ਗਏ ਹਨ। ਚੀਨ ਨੇ ਆਪਣੇ ਆਪ ਨੂੰ ਅਮਰੀਕਾ ਅਤੇ ਡੋਨਲਡ ਟਰੰਪ ਦੇ ਵਿਕਲਪ ਵਜੋਂ ਪੇਸ਼ ਕੀਤਾ ਹੈ।’’