ਟ੍ਰਿਬਿਊਨ ਦੇ ਸਾਬਕਾ ਟਰੱਸਟੀ ਤੇ ਉੱਘੇ ਗਣਿਤ ਸ਼ਾਸਤਰੀ ਪ੍ਰੋ. ਆਰਪੀ ਬਾਂਬਾ ਦਾ ਦੇਹਾਂਤ
ਗੀਤਾਂਜਲੀ ਗਾਇਤਰੀ
ਚੰਡੀਗੜ੍ਹ, 26 ਮਈ
ਉੱਘੇ ਗਣਿਤ-ਸ਼ਾਸਤਰੀ ਤੇ ਗਣਿਤ ਲਈ ਵੱਕਾਰੀ ਪਦਮ ਭੂਸ਼ਣ ਅਤੇ ਰਾਮਾਨੁਜਨ ਮੈਡਲ ਪ੍ਰਾਪਤ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਅਤੇ ਟ੍ਰਿਬਿਊਨ ਟਰੱਸਟ ਦੇ ਸਾਬਕਾ ਮੈਂਬਰ, ਪ੍ਰੋਫੈਸਰ ਰਾਮ ਪ੍ਰਕਾਸ਼ ਬਾਂਬਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਸਵੇਰੇ ਸੈਕਟਰ 19 ਵਿਚਲੀ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਇਸ ਸਾਲ ਸਤੰਬਰ ਵਿੱਚ ਉਨ੍ਹਾਂ 100 ਸਾਲ ਦੇ ਹੋਣਾ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਿੱਛੇ ਦੋ ਧੀਆਂ ਬਿੰਦੂ ਏ. ਬਾਂਬਾ ਅਤੇ ਸੁਚਾਰੂ ਖੰਨਾ ਹਨ।
ਉਨ੍ਹਾਂ ਦੀ ਧੀ ਬਿੰਦੂ ਨੇ ਕਿਹਾ, ‘‘ਉਹ ਅਖੀਰ ਤੱਕ ਇੱਕ ਵਿਗਿਆਨੀ ਰਹੇ ਕਿਉਂਕਿ ਉਹ ਚਾਹੁੰਦੇ ਸੀ ਕਿ ਉਨ੍ਹਾਂ ਦਾ ਸਰੀਰ ਖੋਜ ਅਤੇ ਵਿਗਿਆਨ ਲਈ ਪੀਜੀਆਈ ਨੂੰ ਦਾਨ ਕੀਤਾ ਜਾਵੇ। ਪਰਿਵਾਰ ਉਨ੍ਹਾਂ ਦੀ ਇੱਛਾ ਦਾ ਸਤਿਕਾਰ ਕਰਦਾ ਹੈ ਅਤੇ ਜੋ ਵੀ ਜ਼ਰੂਰੀ ਹੋਵੇਗਾ ਉਹ ਕਰੇਗਾ। ਉਨ੍ਹਾਂ ਇੱਕ ਚੰਗੀ ਜ਼ਿੰਦਗੀ ਬਤੀਤ ਕੀਤੀ।’’
ਪਰਿਵਾਰ ਜਿੱਥੇ ਉਨ੍ਹਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਸਰੀਰ ਨੂੰ ਡਾਕਟਰੀ ਖੋਜ ਵਜੋਂ ਦਾਨ ਕਰਨ ਦੀ ਤਿਆਰੀ ਕਰ ਰਿਹਾ ਹੈ, ਉਥੇ ਪ੍ਰੋ.ਬਾਂਬਾ ਦੇ ਅਕਾਲ ਚਲਾਣੇ ਨਾਲ ਅਕਾਦਮਿਕ ਜਗਤ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਿੱਚ ਪ੍ਰੋਫੈਸਰ ਐਮਰੀਟਸ ਵਜੋਂ ਗਣਿਤ ਦੇ ਖੇਤਰ ਵਿੱਚ ਸੇਵਾ ਕੀਤੀ।
ਇਹ ਵੀ ਪੜ੍ਹੋ: ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਐੱਨਐੱਨ ਵੋਹਰਾ ਵੱਲੋਂ ਪ੍ਰੋ.ਆਰਪੀ ਬਾਂਬਾ ਨੂੰ ਸ਼ਰਧਾਂਜਲੀ
ਪਰਿਵਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪ੍ਰੋ.ਬਾਂਬਾ ਦੀ ਪੂਰੀ ਜ਼ਿੰਦਗੀ ਯੂਨੀਵਰਸਿਟੀ ਸੀ। ਬਿਆਨ ਵਿਚ ਅੱਗੇ ਕਿਹਾ ਗਿਆ, ‘‘ਉਨ੍ਹਾਂ ਨੂੰ ਆਪਣੇ ਆਖਰੀ ਸਾਹ ਤੱਕ ਯੂਨੀਵਰਸਿਟੀ ਦੀ ਫ਼ਿਕਰ ਸੀ। ਸ਼ਾਇਦ ਇੱਕੋ ਇੱਕ ਚੀਜ਼ ਜਿਸ ਦੀ ਉਨ੍ਹਾਂ ਨੂੰ ਵੱਧ ਫ਼ਿਕਰ ਸੀ, ਉਹ ਗਣਿਤ ਸੀ। ਉਹ ਯੂਟਿਊਬ ਦੇ ਨਵੀਨਤਮ ਵਿਕਾਸ ਨੂੰ ਜਾਣਨ ਵਿੱਚ ਦਿਲਚਸਪੀ ਰੱਖਦੇ ਸਨ ਅਤੇ ਹਮੇਸ਼ਾ ਚਾਹੁੰਦੇ ਸੀ ਕਿ ਅਸੀਂ ਯੂਨੀਵਰਸਿਟੀ ਬਾਰੇ ਤਾਜ਼ਾ ਖ਼ਬਰਾਂ ਲਈ ਚੰਡੀਗੜ੍ਹ ਟ੍ਰਿਬਿਊਨ ਪੜ੍ਹੀਏ।’’
ਜੰਮੂ ਦੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਜਨਮੇ ਪ੍ਰੋਫੈਸਰ ਬਾਂਬਾ ਆਪਣੀ ਪ੍ਰਤਿਭਾ ਕਾਰਨ ਹੀ ਪ੍ਰਸਿੱਧ ਹੋਏ। ਲਾਹੌਰ ਦੇ ਸਰਕਾਰੀ ਕਾਲਜ ਤੋਂ ਮਾਸਟਰਜ਼ ਦੀ ਪ੍ਰੀਖਿਆ ਵਿਚ 600 ’ਚੋਂ 600 ਅੰਕ ਹਾਸਲ ਕਰਨ ਮਗਰੋਂ ਉਹ ਰਿਕਾਰਡ ਦੋ ਸਾਲਾਂ ਅੰਦਰ ਮੁੜ ਤੋਂ ਪੀਐੱਚ.ਡੀ ਕਰਨ ਲਈ ਕੈਂਬਰਿਜ ਯੂਨੀਵਰਸਿਟੀ ਚਲੇ ਗਏ। ਉਨ੍ਹਾਂ ਨੇ ਪ੍ਰੋ. ਹੰਸ ਰਾਜ ਗੁਪਤਾ ਨਾਲ ਮਿਲ ਕੇ ਹੁਸ਼ਿਆਰਪੁਰ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਗਣਿਤ ਵਿਭਾਗ ਦੀ ਸਥਾਪਨਾ ਕੀਤੀ, ਜੋ ਫਿਰ ਚੰਡੀਗੜ੍ਹ ਤਬਦੀਲ ਹੋ ਗਿਆ ਜਿੱਥੇ ਇਹ ਪੰਜਾਬ ਯੂਨੀਵਰਸਿਟੀ ਵਿੱਚ ਐਡਵਾਂਸਡ ਸਟੱਡੀ ਦਾ ਪਹਿਲਾ ਕੇਂਦਰ ਬਣ ਗਿਆ।
ਓਹੀਓ ਸਟੇਟ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ 5 ਸਾਲ ਬਿਤਾਉਣ ਤੋਂ ਬਾਅਦ, ਉਹ ਪੰਜਾਬ ਯੂਨੀਵਰਸਿਟੀ ਵਾਪਸ ਆਏ। ਉਹ 1985 ਤੋਂ 1991 ਤੱਕ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ, ਜੋ ਕਿ ਯੂਨੀਵਰਸਿਟੀ ਦੇ ਮਹਾਨ ਵਿਕਾਸ ਦਾ ਦੌਰ ਸੀ। ਉਹ ਜਿਸ ਤਰ੍ਹਾਂ ਜਿਊਂਦੇ ਸੀ, ਉਸੇ ਤਰ੍ਹਾਂ ਸ਼ਾਂਤੀਪੂਰਵਕ ਤੇ ਬਿਨਾਂ ਕਿਸੇ ਦਰਦ ਦੇ ਚਲੇ ਗਏ।
ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਰੇਣੂ ਵਿਜ ਨੇ ਕਿਹਾ, ‘‘ਯੂਨੀਵਰਸਿਟੀ ਇਸ ਸਾਲ ਸਤੰਬਰ ਵਿਚ ਪੰਜਾਬ ਸਕੂਲ ਆਫ਼ ਮੈਥੇਮੈਟਿਕਸ ਦੀ ਸ਼ਤਾਬਦੀ ਤੇ ਪ੍ਰੋ.ਬਾਂਬਾ ਦੀ ਜਨਮ ਸ਼ਤਾਬਦੀ ਮਨਾਉਣ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਦਾ ਜਾਣਾ ਗਣਿਤ ਦੀ ਦੁਨੀਆ, ਯੂਨੀਵਰਸਿਟੀ ਤੇ ਸਮਾਜ ਲਈ ਵੱਡਾ ਨੁਕਸਾਨ ਹੈ।’’
ਸੰਖਿਆਵਾਂ (numbers) ਦੇ ਸਿਧਾਂਤ ਅਤੇ ਖਾਸ ਕਰਕੇ ਸੰਖਿਆਵਾਂ ਦੀ ਜਿਓਮੈਟਰੀ ਵਿੱਚ ਬਹੁਤ ਦਿਲਚਸਪੀ ਰੱਖਣ ਵਾਲੇ, ਪ੍ਰੋ. ਰਾਜਿੰਦਰ ਜੀਤ ਹੰਸ-ਗਿੱਲ, ਜੋ ਉਨ੍ਹਾਂ ਦੇ ਵਿਦਿਆਰਥੀ ਸਨ ਅਤੇ ਪਿਛਲੇ ਹਫ਼ਤੇ ਪ੍ਰੋ.ਬਾਂਬਾ ਨੂੰ ਮਿਲੇ ਸਨ, ਨੇ ਕਿਹਾ ਕਿ ਉਹ ਅਜੇ ਵੀ ਸਿਰਫ਼ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਚਿੰਤਤ ਸਨ। ਉਨ੍ਹਾਂ ਕਿਹਾ, ‘‘ਪ੍ਰੋ.ਬਾਂਬਾ ਨੇ ਵੁੱਡਜ਼ ਅਨੁਮਾਨ, ਜੋ ਗਣਿਤ ਵਿੱਚ ਇੱਕ ਵਿਸ਼ਾ ਸੀ, ਬਾਰੇ ਗੱਲ ਕੀਤੀ, ਅਤੇ ਪੁੱਛਿਆ ਕਿ ਕੀ ਕੁਝ ਸਮੱਸਿਆਵਾਂ ਲਈ ਹੱਲ ਲੱਭੇ ਗਏ ਹਨ। ਉਨ੍ਹਾਂ ਦਾ ਦੇਹਾਂਤ ਇੱਕ ਸਦਮੇ ਵਾਂਗ ਹੈ ਕਿਉਂਕਿ ਜਦੋਂ ਮੈਂ ਬੁੱਧਵਾਰ ਨੂੰ ਉਨ੍ਹਾਂ ਨੂੰ ਮਿਲਿਆ ਸੀ ਤਾਂ ਅਸੀਂ ਅਜੇ ਵੀ ਸਿਰਫ਼ ਗਣਿਤ ਬਾਰੇ ਚਰਚਾ ਕਰ ਰਹੇ ਸੀ। ਉਹ ਬਿਮਾਰ ਸਨ ਪਰ ਉਹ ਬਹੁਤ ਸੁਚੇਤ ਸਨ।’’
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਨੇ ਪ੍ਰੋ.ਬਾਂਬਾ ਦੇ ਦੇਹਾਂਤ ’ਤੇ ਸੋਗ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਸੰਸਥਾ ’ਤੇ ਅਮਿੱਟ ਛਾਪ ਛੱਡੀ। ਆਪਣੇ ਕਾਰਜਕਾਲ (1985-1991) ਦੌਰਾਨ, ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਕਾਸ ਦੀ ਅਗਵਾਈ ਕੀਤੀ ਤੇ ਆਪਣੀ ਦੂਰਦਰਸ਼ੀ ਅਗਵਾਈ ਦਾ ਪ੍ਰਦਰਸ਼ਨ ਕੀਤਾ। ਬਿਆਨ ਵਿਚ ਕਿਹਾ ਗਿਆ, ‘‘ਅਸੀਂ ਉਨ੍ਹਾਂ ਨੂੰ ਇੱਕ ਦਿਆਲੂ, ਈਮਾਨਦਾਰ ਅਤੇ ਕਰਤੱਵਪੂਰਨ ਵਿਅਕਤੀ ਵਜੋਂ ਯਾਦ ਕਰਦੇ ਹਾਂ ਜਿਸ ਨੇ ਇੱਕ ਸੱਚੇ ਵਿਗਿਆਨੀ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ। ਪੀਜੀਆਈ ਨੂੰ ਖੋਜ ਅਤੇ ਵਿਗਿਆਨ ਲਈ ਆਪਣਾ ਸਰੀਰ ਦਾਨ ਕਰਨ ਦਾ ਉਨ੍ਹਾਂ ਦਾ ਨਿਰਸਵਾਰਥ ਫੈਸਲਾ ਗਿਆਨ ਨੂੰ ਅੱਗੇ ਵਧਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’