ਜੇਡੀ(ਐੱਸ) ਦੇ ਸਾਬਕਾ ਐੱਮਪੀ Prajwal Revanna ਜਬਰ ਜਨਾਹ ਮਾਮਲੇ ’ਚ ਦੋਸ਼ੀ ਕਰਾਰ
ਸਾਬਕਾ ਸੰਸਦ ਮੈਂਬਰ ਅਤੇ ਜੇਡੀ(ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ Prajwal Revanna ਨੂੰ ਸ਼ੁੱਕਰਵਾਰ ਨੂੰ ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸ ਵਿਰੁੱਧ ਦਰਜ ਜਿਨਸੀ ਸ਼ੋਸ਼ਣ ਅਤੇ ਜਬਰ ਜਨਾਹ ਦੇ ਚਾਰ ਮਾਮਲਿਆਂ ਵਿੱਚੋਂ ਇੱਕ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਭੱਟ ਸ਼ਨਿਚਰਵਾਰ ਨੂੰ ਸਜ਼ਾ ਦਾ ਐਲਾਨ ਕਰਨਗੇ।
ਇਹ ਮਾਮਲਾ ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰਾ ਵਿੱਚ ਪਰਿਵਾਰ ਦੇ ਗੰਨੀਕਾਡਾ ਫਾਰਮ ਹਾਊਸ ਵਿੱਚ ਕੰਮ ਕਰਨ ਵਾਲੀ 48 ਸਾਲਾ ਔਰਤ ਨਾਲ ਸਬੰਧਤ ਹੈ। ਦੋਸ਼ ਹੈ ਕਿ ਉਸ ਨਾਲ 2021 ਵਿੱਚ ਦੋ ਵਾਰ ਜਬਰ ਜਨਾਹ ਕੀਤਾ ਗਿਆ ਅਤੇ ਮੁਲਜ਼ਮ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਿਆ ਸੀ। ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਜਵਲ ਰੇਵੰਨਾ Prajwal Revanna ਵਿਰੁੱਧ ਚਾਰ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਉਸ ਵਿਰੁੱਧ ਮਾਮਲਿਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਸੀ।
ਪ੍ਰਜਵਲ ਰੇਵੰਨਾ Prajwal Revanna ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀ(ਐੱਸ) ਦੇ ਮੁਖੀ ਐੱਚ ਡੀ ਦੇਵਗੌੜਾ ਦਾ ਪੋਤਰਾ ਹੈ। ਇਹ ਮਾਮਲੇ 26 ਅਪ੍ਰੈਲ 2024 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਸਨ ਵਿੱਚ ਕਥਿਤ ਤੌਰ ’ਤੇ ਪ੍ਰਜਵਲ ਰੇਵੰਨਾ Prajwal Revanna ਨਾਲ ਸਬੰਧਤ ਅਸ਼ਲੀਲ ਵੀਡੀਓਜ਼ ਵਾਲੀਆਂ ਪੈਨ-ਡਰਾਈਵਾਂ ਦੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਏ ਸਨ।
ਹੋਲੇਨਰਸੀਪੁਰਾ ਟਾਊਨ ਪੁਲੀਸ ਸਟੇਸ਼ਨ ਵਿੱਚ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਉਸ ਨੂੰ ਪਿਛਲੇ ਸਾਲ 31 ਮਈ ਨੂੰ ਜਰਮਨੀ ਤੋਂ ਬੰਗਲੁਰੂ ਹਵਾਈ ਅੱਡੇ ’ਤੇ ਪਹੁੰਚਣ ’ਤੇ ਐੱਸਆਈਟੀ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਵਿਰੁੱਧ ਮਾਮਲੇ ਦਰਜ ਹੋਣ ਤੋਂ ਬਾਅਦ ਜੇਡੀ(ਐੱਸ) ਨੇ ਉਸ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਸੀ। -ਪੀਟੀਆਈ