ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ’ਚ ਅਤਿਵਾਦੀਆਂ ਦੇ ਹਮਲੇ ਕਾਰਨ ਪੰਜ ਪੁਲੀਸ ਮੁਲਾਜ਼ਮ ਮਰੇ, ਅੱਠ ਜ਼ਖ਼ਮੀ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਚ ਅਤਿਵਾਦੀਆਂ ਵੱਲੋਂ ਪੁਲੀਸ ਥਾਣਿਆਂ ਅਤੇ ਚੌਂਕੀਆਂ ਨੁੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਪੰਜ ਪੁਲੀਸ ਕਰਮੀਆਂ ਦੀ ਮੌਤ ਹੋ ਗਈ ਜਦੋਂ ਕਿ ਅੱਠ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਹਮਲੇ ਬੁੱਧਵਾਰ ਨੁੂੰ ਹੋਏ। ਪੇਸ਼ਾਵਰ ਵਿੱਚ ਹਸਨ ਖੇਲ ਪੁਲੀਸ ਥਾਣੇ ਅਤੇ ਦੋ ਚੌਕੀਆਂ ’ਤੇ ਹਮਲਿਆਂ ਨੂੰ ਨਾਕਾਮ ਕਰਦੇ ਹੋਏ ਇੱਕ ਕਾਂਸਟੇਬਲ ਮਾਰਿਆ ਗਿਆ ਅਤੇ ਇੱਕ ਹੋਰ ਜ਼ਖਮੀ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਅੱਪਰ ਦੀਰ ਵਿੱਚ ਅੱਤਵਾਦੀਆਂ ਵੱਲੋਂ ਸੈਨਾ ਦੇ ਇੱਕ ਵਾਹਨ ’ਤੇ ਕੀਤੇ ਗਏ ਹਮਲੇ ਵਿੱਚ ਤਿੰਨ ਪੁਲੀਸ ਮੁਲਾਜ਼ਮ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ ਅਤੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਲਾਜਬੋਕ ਅਤੇ ਸ਼ਾਦੁਸ ਇਲਾਕਿਆਂ ਵਿੱਚ ਪੁਲੀਸ ਚੌਕੀਆਂ ’ਤੇ ਦੋ ਵੱਖ-ਵੱਖ ਅਤਿਵਾਦੀ ਹਮਲਿਆਂ ਵਿੱਚ ਇੱਕ ਪੁਲੀਸ ਕਾਂਸਟੇਬਲ ਮਾਰਿਆ ਗਿਆ।
ਪੁਲੀਸ ਨੇ ਨਾਸਿਰ ਬਾਗ ਅਤੇ ਮਟਾਨੀ ਇਲਾਕਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਬੰਨੂ ਵਿੱਚ ਅਤਿਵਾਦੀਆਂ ਨੇ ਹਾਵਿਦ ਪੁਲੀਸ ਸਟੇਸ਼ਨ ਖੇਤਰ ਵਿੱਚ ਮਝੰਗਾ ਚੈੱਕ ਪੋਸਟ ਨੂੰ ਨਿਸ਼ਾਨਾ ਬਣਾਇਆ ਪਰ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰਸੱਦਾ ਜ਼ਿਲ੍ਹੇ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨਾਸਤਾ ਪੁਲੀਸ ਸਟੇਸ਼ਨ ਅਧੀਨ ਇੱਕ ਚੈੱਕ ਪੋਸਟ ’ਤੇ ਹੱਥਗੋਲਾ ਸੁੱਟਿਆ। ਹਾਲਾਂਕਿ ਇਸ ਹਮਲੇ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਨ੍ਹਾਂ ਹਮਲਿਆਂ ਤੋਂ ਬਾਅਦ ਸੂਬੇ ਭਰ ਦੇ ਸਾਰੇ ਪੁਲੀਸ ਥਾਣਿਆਂ ਅਤੇ ਚੌਕੀਆਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖ਼ੈਬਰ ਪਖ਼ਤੂਨਖਵਾ ਪੁਲੀਸ ਦੇ ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਪੇਸ਼ਾਵਰ ਵਿੱਚ ਦਾਇਸ਼ ਖੁਰਾਸਾਨ ਨੈੱਟਵਰਕ ਨੂੰ ਸਫਲਤਾਪੂਰਵਕ ਖ਼ਤਮ ਕਰ ਦਿੱਤਾ ਹੈ।