ਐੱਨਆਈਟੀ ਸਿਲਚਰ ਦੇ ਪੰਜ ਬੰਗਲਾਦੇਸ਼ੀ ਵਿਦਿਆਰਥੀ ਮੁਅੱਤਲ, ਵਾਪਸ ਭੇਜੇ ਜਾਣਗੇ
ਅਸਾਮ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਸਿਲਚਰ ਦੇ ਪੰਜ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਹੋਈ ਹਿੰਸਕ ਝੜਪਾਂ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਐੱਨਆਈਟੀ ਦੇ ਡਾਇਰੈਕਟਰ ਦਿਲੀਪ ਕੁਮਾਰ ਬੈਦਿਆ ਨੇ ਕਿਹਾ ਕਿ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ICCR) ਸਕਾਲਰਸ਼ਿਪ ਅਧੀਨ ਦਾਖਲ ਹੋਏ ਇਨ੍ਹਾਂ ਵਿਦਿਆਰਥੀਆਂ ਕੋਲ ਉਨ੍ਹਾਂ ਦੇ ਕਮਰਿਆਂ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਵੀ ਮਿਲੇ ਸਨ। ਉਨ੍ਹਾਂ ਕਿਹਾ ਕਿ ਪੰਜੇ ਵਿਦਿਆਰਥੀਆਂ ਨੂੰ ਬੰਗਲਾਦੇਸ਼ ਵਾਪਸ ਭੇਜਿਆ ਜਾਵੇਗਾ।
ਡਾਇਰੈਕਟਰ ਨੇ ਕਿਹਾ, ‘‘ਸਾਡੇ ਕੋਲ ਇਹ ਸਥਾਪਿਤ ਕਰਨ ਲਈ ਕਾਫ਼ੀ ਸਬੂਤ ਹਨ ਕਿ ਉਹ ਕੈਂਪਸ ਹਿੰਸਾ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਦੋ ਸਮੈਸਟਰਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।’’
ਜ਼ਿਕਰਯੋਗ ਹੈ ਕਿ ਇਹ ਘਟਨਾ 8 ਸਤੰਬਰ ਨੂੰ ਵਾਪਰੀ ਸੀ, ਜਦੋਂ ਬੰਗਲਾਦੇਸ਼ੀ ਤੀਜੇ ਸਾਲ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਕਥਿਤ ਤੌਰ ’ਤੇ ਆਪਣੇ ਹੀ ਹਮਵਤਨਾਂ ’ਤੇ ਹਮਲਾ ਕੀਤਾ ਸੀ। -ਪੀਟੀਆਈ