First Delhi Cabinet meet ਰੇਖਾ ਗੁਪਤਾ ਕੈਬਨਿਟ ਵੱਲੋਂ ਪਹਿਲੀ ਬੈਠਕ ਵਿਚ ਆਯੂਸ਼ਮਾਨ ਭਾਰਤ ਸਕੀਮ ਨੂੰ ਹਰੀ ਝੰਡੀ
ਉਜਵਲ ਜਲਾਲੀ
ਨਵੀਂ ਦਿੱਲੀ, 20 ਫਰਵਰੀ
ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਨਵੀਂ ਚੁਣੀ ਗਈ ਦਿੱਲੀ ਕੈਬਨਿਟ ਨੇ ਆਪਣੀ ਪਹਿਲੀ ਬੈਠਕ ਵਿਚ 5 ਲੱਖ ਰੁਪਏ ਦੇ ਟੌਪ-ਅੱਪ ਨਾਲ ਆਯੂਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਪਹਿਲੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਦਿੱਲੀ ਵਿੱਚ 5 ਲੱਖ ਰੁਪਏ ਦੇ ਟੌਪ-ਅੱਪ ਨਾਲ ਆਯੂਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਅਤੇ ਵਿਧਾਨ ਸਭਾ ਦੀ ਪਹਿਲੀ ਬੈਠਕ ਵਿੱਚ 14 ਕੈਗ ਰਿਪੋਰਟਾਂ ਪੇਸ਼ ਕਰਨ ਦੋ ਏਜੰਡਿਆਂ ’ਤੇ ਚਰਚਾ ਕੀਤੀ ਅਤੇ ਇਸ ਨੂੰ ਪਾਸ ਕਰ ਦਿੱਤਾ।
ਭਾਜਪਾ ਨੇ ਦਿੱਲੀ ਅਸੈਂਬਲੀ ਦੀਆਂ ਚੋਣਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿਚ ਦਿੱਲੀ ਦੇ ਲੋਕਾਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ, ਜਿਸ ਵਿੱਚ ਰਾਜ ਸਰਕਾਰ ਸਾਰੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ 5 ਲੱਖ ਰੁਪਏ ਦਾ ਵਾਧੂ ਕਵਰ ਪ੍ਰਦਾਨ ਕਰੇਗੀ।
ਭਾਜਪਾ ਦੇ ਮੈਨੀਫੈਸਟੋ ਅਨੁਸਾਰ, 70 ਸਾਲ ਦੀ ਉਮਰ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਮੁਫ਼ਤ ਓਪੀਡੀ ਅਤੇ ਡਾਇਗਨੌਸਟਿਕ ਸੇਵਾਵਾਂ ਦੇ ਨਾਲ-ਨਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਚੋਣ ਰੈਲੀਆਂ ਵਿੱਚ ਦਿੱਲੀ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਵੀ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੀਡੀਆ ਵੱਲੋਂ ਦੋ ਕੈਗ ਰਿਪੋਰਟਾਂ ਦੀ ਵਿਆਪਕ ਤੌਰ ’ਤੇ ਰਿਪੋਰਟਿੰਗ ਕੀਤੀ ਗਈ ਸੀ ਜਿਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੂੰ ਬੈਕਫੁੱਟ ’ਤੇ ਧੱਕ ਦਿੱਤਾ ਸੀ। ਦੋਵੇਂ ਕੈਗ ਰਿਪੋਰਟਾਂ ’ਚ ‘ਆਪ’ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਵੀਨੀਕਰਨ ਪ੍ਰੋਜੈਕਟ ’ਤੇ ਕੀਤੇ ਗਏ ਖਰਚਿਆਂ ਅਤੇ 2021-22 ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਕਰਨ ਲਈ ਸਰਕਾਰੀ ਖਜ਼ਾਨੇ ਨੂੰ 2000 ਕਰੋੜ ਰੁਪਏ ਦੇ ਨੁਕਸਾਨ ਦੀ ਆਲੋਚਨਾ ਕੀਤੀ ਗਈ ਸੀ।
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਗੁਪਤਾ ਨੇ ਕਿਹਾ ਕਿ ਆਯੂਸ਼ਮਾਨ ਯੋਜਨਾ ਦਾ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਉਸ ਸ਼੍ਰੇਣੀ ਵਿੱਚ ਆਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਤੁਹਾਨੂੰ ਇਸ ਬਾਰੇ ਵੇਰਵੇ ਦੇਵਾਂਗੇ। ਸਾਨੂੰ ਕੇਂਦਰ ਸਰਕਾਰ ਨਾਲ ਇੱਕ ਸਮਝੌਤੇ ’ਤੇ ਦਸਤਖਤ ਕਰਨੇ ਪੈਣਗੇ। ਅੱਜ ਅਸੀਂ ਰਸਮੀ ਕਾਰਵਾਈ ਪੂਰੀ ਕਰ ਦਿੱਤੀ ਹੈ। ਪਿਛਲੀ (ਆਪ) ਸਰਕਾਰ ਨੇ ਇਸ ਯੋਜਨਾ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਜਿਸ ਨੂੰ ਵਾਪਸ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਵਾਰ ਜਦੋਂ ਉਹ ਅਦਾਲਤੀ ਕਾਰਵਾਈ ਖ਼ਤਮ ਹੋ ਜਾਵੇਗੀ ਤਾਂ ਅਸੀਂ ਇਸ ਯੋਜਨਾ ਨੂੰ ਜਨਤਕ ਖੇਤਰ ਵਿੱਚ ਲਿਆਵਾਂਗੇ।’’
ਮਹਿਲਾ ਸਨਮਾਨ ਯੋਜਨਾ, ਜਿਸ ਤਹਿਤ ਭਾਜਪਾ ਨੇ ਹਰ ਔਰਤ ਨੂੰ 2500 ਰੁਪਏ ਮਾਸਿਕ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਮੀਟਿੰਗ ਦੌਰਾਨ ਇਸ ਯੋਜਨਾ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਚਰਚਾ ਕੀਤੀ। ਬਹੁਤ ਸਾਰੀਆਂ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਦੀ ਲੋੜ ਹੈ। ਸਾਨੂੰ ਇਸ ਯੋਜਨਾ ’ਤੇ ਹੋਰ ਚਰਚਾ ਕਰਨ ਦੀ ਲੋੜ ਹੈ ਅਤੇ ਅਗਲੀ ਮੀਟਿੰਗ ਵਿੱਚ ਇਸ ਨੂੰ ਜਾਰੀ ਰੱਖਾਂਗੇੇ’’