ਪਾਕਿਸਤਾਨ-ਅਫਗਾਨਿਸਤਾਨ ਸਰਹੱਦ ’ਤੇ ਗੋਲੀਬਾਰੀ
ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਰਹੱਦ ’ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਬੀਤੀ ਦੇਰ ਰਾਤ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਹੋ ਗਈ ਸੀ ਪਰ ਪਿਛਲੇ ਦੋ ਮਹੀਨਿਆਂ ਵਿਚ ਦੋਵਾਂ ਮੁਲਕਾਂ ਵਲੋਂ ਇਕ ਦੂਜੇ ’ਤੇ ਗੋਲੀਬਾਰੀ ਕਰਨ ਦੇ ਦੋਸ਼ ਲਾਏ ਜਾਂਦੇ ਰਹੇ ਹਨ। ਸਰਹੱਦ ’ਤੇ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਨਵੰਬਰ ਵਿਚ ਗੱਲਬਾਤ ਹੋਈ ਸੀ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਦੌਰਾਨ ਕਤਰ ਵਿਚ ਵੀ ਗੱਲਬਾਤ ਹੋਈ ਸੀ ਜਿੱਥੇ ਸ਼ਾਂਤੀ ਸਮਝੌਤਾ ਸਿਰੇ ਚੜ੍ਹਿਆ ਸੀ।
ਦੂਜੇ ਪਾਸੇ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀਆਂ ਨੀਤੀਆਂ ਨੂੰ ਦੇਸ਼ ਲਈ ‘ਤਬਾਹਕੁੰਨ’ ਕਰਾਰ ਦਿੰਦਿਆਂ ਦੋਸ਼ ਲਾਇਆ ਸੀ ਕਿ ਮੁਨੀਰ ਅਫ਼ਗਾਨਿਸਤਾਨ ਨਾਲ ਜਾਣਬੁੱਝ ਕੇ ਤਣਾਅ ਵਧਾ ਰਹੇ ਹਨ। ਇਮਰਾਨ ਨੇ ਐਕਸ ’ਤੇ ਲਿਖਿਆ, “ਆਸਿਮ ਮੁਨੀਰ ਦੀਆਂ ਨੀਤੀਆਂ ਪਾਕਿਸਤਾਨ ਲਈ ਤਬਾਹਕੁੰਨ ਹਨ। ਉਨ੍ਹਾਂ ਦੀਆਂ ਨੀਤੀਆਂ ਕਾਰਨ ਅਤਿਵਾਦ ਕੰਟਰੋਲ ਤੋਂ ਬਾਹਰ ਹੋ ਗਿਆ ਹੈ, ਜਿਸ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਹੈ।” ਮੁਨੀਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਉਹ ਇਹ ਸਭ ਸਿਰਫ਼ ਪੱਛਮੀ ਤਾਕਤਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ। ਉਨ੍ਹਾਂ ਨੇ ਅਫ਼ਗਾਨਿਸਤਾਨ ਨਾਲ ਜਾਣਬੁੱਝ ਕੇ ਤਣਾਅ ਵਧਾਇਆ, ਤਾਂ ਜੋ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਕਥਿਤ ‘ਮੁਜਾਹਿਦ’ (ਇਸਲਾਮੀ ਲੜਾਕੂ) ਵਜੋਂ ਦੇਖਿਆ ਜਾ ਸਕੇ।” ਏਪੀ
