ਹਾਂਗਕਾਂਗ ਦੀਆਂ ਉਚ ਮੰਜ਼ਿਲਾ ਰਿਹਾਇਸ਼ੀ ਇਮਾਰਤਾਂ ਵਿੱਚ ਅੱਗ; 36 ਹਲਾਕ; 279 ਲਾਪਤਾ
ਹਾਂਗਕਾਂਗ ਦੀਆਂ ਉਚ ਰਿਹਾਇਸ਼ੀ ਟਾਵਰਾਂ ਦੀਆਂ ਇਮਾਰਤਾਂ ਵਿਚ ਅੱਜ ਅੱਗ ਲੱਗ ਗਈ ਜਿਸ ਕਾਰਨ 36 ਜਣਿਆਂ ਦੀ ਮੌਤ ਹੋ ਗਈ ਤੇ ਹਾਲੇ ਵੀ 279 ਜਣਿਆਂ ਦਾ ਅਤਾ ਪਤਾ ਨਹੀਂ ਲੱਗ ਰਿਹਾ, ਇਸ ਕਰ ਕੇ ਮੌਤਾਂ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ। ਹਾਂਗ ਕਾਂਗ ਦੇ ਆਗੂ ਜੌਹਨ ਲੀ ਦਾ ਕਹਿਣਾ ਹੈ ਕਿ ਉੱਚ-ਮੰਜ਼ਿਲਾ ਅਪਾਰਟਮੈਂਟਾਂ ਵਿੱਚ ਅੱਗ ਲੱਗਣ ਕਾਰਨ 36 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 279 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਦੀ ਪੁਸ਼ਟੀ ਖਬਰ ਏਜੰਸੀ ਏਪੀ ਨੇ ਵੀ ਕਰ ਦਿੱਤੀ ਹੈ। ਇਹ ਪਤਾ ਲੱਗਿਆ ਹੈ ਕਿ ਅੱਗ ਹਾਲੇ ਵੀ ਲੱਗੀ ਹੋਈ ਹੈ ਤੇ ਇਸ ਦੀਆਂ ਉਚੀਆਂ ਮੰਜ਼ਿਲਾਂ ਵਿਚ ਹਾਲੇ ਵੀ ਕਈ ਲੋਕ ਫਸੇ ਹੋਏ ਹਨ। ਇਸ ਵੇਲੇ 29 ਜਣੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਵਿਚੋਂ ਸੱਤ ਦੀ ਹਾਲਤ ਗੰਭੀਰ ਹੈ। ਇਹ ਪਤਾ ਨਹੀਂ ਲੱਗਿਆ ਕਿ ਅੱਗ ਕਿਵੇਂ ਲੱਗੀ।
ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਹਾਂਗਕਾਂਗ ਦੇ ਇੱਕ ਹਾਊਸਿੰਗ ਕੰਪਲੈਕਸ ਦੀ ਸੱਤ-ਮੰਜ਼ਿਲਾ ਇਮਾਰਤਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ 13 ਲੋਕ ਮਾਰੇ ਗਏ। ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੌਂ ਲੋਕਾਂ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਚਾਰ ਹੋਰਾਂ ਦੀ ਹਸਪਤਾਲ ਭੇਜਣ ਤੋਂ ਬਾਅਦ ਮੌਤ ਹੋ ਗਈ। ਇਸ ਅੱਗ ਕਾਰਨ ਹੋਰ 15 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 700 ਲੋਕਾਂ ਨੂੰ ਅਸਥਾਈ ਆਸਰਾ ਘਰਾਂ ਵਿਚ ਪਹੁੰਚਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਊਸਿੰਗ ਕੰਪਲੈਕਸ ਵਿੱਚ ਅੱਠ ਇਮਾਰਤਾਂ ਸਨ ਜਿਨ੍ਹਾਂ ਵਿੱਚ ਲਗਪਗ 2,000 ਅਪਾਰਟਮੈਂਟ ਹਨ ਤੇ ਇਨ੍ਹਾਂ ਵਿੱਚ ਲਗਪਗ 4,800 ਲੋਕ ਰਹਿੰਦੇ ਹਨ।
