ਬ੍ਰਾਜ਼ੀਲ ਵਿਚ ਯੂਐੱਨ ਕੋਪ30 ਜਲਵਾਯੂ ਸੰਮੇਲਨ ਦੌਰਾਨ ਅੱਗ ਲੱਗੀ, 21 ਜ਼ਖਮੀ
ਬ੍ਰਾਜ਼ੀਲ ਦੇ ਬੇਲੇਮ ਵਿਚ ਚੱਲ ਰਹੀ ਯੂਐਨ ਕੋਪ20 ਕਲਾਈਮੇਟ ਸਿਖਰ ਵਾਰਤਾ ਵਾਲੇ ਮੁੱਖ ਵੈਨੇਊ ਵਿਚ ਅੱਗ ਲੱਗਣ ਨਾਲ ਘੱਟੋ ਘੱਟ 21 ਵਿਅਕਤੀ ਜ਼ਖ਼ਮੀ ਹੋ ਗਏ ਜਦੋਂਕਿ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਅੱਗ ਸਥਾਨਕ ਸਮੇਂ ਮੁਤਾਬਕ ਵੀਰਵਾਰ ਦੁਪਹਿਰੇ 2 ਵਜੇ ਦੇ ਕਰੀਬ ‘ਬਲੂ ਜ਼ੋਨ’ ਵਿਚ ਲੱਗੀ, ਜਿੱਥੇ ਮੁੱਖ ਪਲੈਨਰੀ ਹਾਲ ਸਣੇ ਸਾਰੀਆਂ ਬੈਠਕਾਂ, ਗੱਲਬਾਤ, ਕੰਟਰੀ ਪੈਵਿਲੀਅਨ, ਮੀਡੀਆ ਸੈਂਟਰ ਤੇ ਸਾਰੇ ਹਾਈ ਪ੍ਰੋਫਾਈਲ ਪਤਵੰਤਿਆਂ ਦੇ ਦਫ਼ਤਰ ਸਨ।
ਜਿਵੇਂ ਹੀ ਅੱਗ ਲੱਗਣ ਦੀ ਖ਼ਬਰ ਫੈਲੀ, ਲੋਕ ਸੁਰੱਖਿਆ ਲਈ ਸਾਰੇ ਐਗਜ਼ਿਟ ਗੇਟਾਂ ਤੋਂ ਬਾਹਰ ਭੱਜ ਗਏ। ਅਧਿਕਾਰੀਆਂ ਨੇ ਪੂਰੀ ਸੁਰੱਖਿਆ ਜਾਂਚ ਲਈ ਸਥਾਨ ਨੂੰ ਬੰਦ ਕਰ ਦਿੱਤਾ ਅਤੇ ਕਰੀਬ ਛੇ ਘੰਟਿਆਂ ਮਗਰੋਂ ਰਾਤ 8:40 ਵਜੇ ਕੰਟਰੀ ਪੈਵਿਲੀਅਨਾਂ, ਜਿੱਥੇ ਅੱਗ ਲੱਗੀ ਸੀ, ਨੂੰ ਛੱਡ ਕੇ ਇਸ ਨੂੰ ਮੁੜ ਖੋਲ੍ਹ ਦਿੱਤਾ ਗਿਆ।
ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘...ਵੀਰਵਾਰ ਸ਼ਾਮੀਂ 6 ਵਜੇ ਤੱਕ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਬਲੂ ਜ਼ੋਨ ਵਿੱਚ ਲੱਗੀ ਅੱਗ ਕਰਕੇ 21 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਡਾਕਟਰੀ ਇਲਾਜ ਮੁਹੱਈਆ ਕੀਤਾ ਗਿਆ ਹੈ।’’ ਇਨ੍ਹਾਂ ਵਿਚੋਂ 19 ਜਣਿਆਂ ਨੂੰ ਧੂੰਏਂ ਕਰਕੇ ਸਾਹ ਲੈਣ ਵਿਚ ਦਿੱਕਤ ਦੇ ਮਾਮਲੇ ਹਨ। ਉਂਝ ਅੱਗ ਕਾਰਨ ਕਿਸੇ ਵਿਅਕਤੀ ਦੇ ਝੁਲਸਣ ਤੋਂ ਬਚਾਅ ਰਿਹਾ।
