ਢਾਕਾ ਹਵਾਈ ਅੱਡੇ ਦੇ ਕਾਰਗੋ ਟਰਮੀਨਲ ’ਤੇ ਅੱਗ; ਸਾਰੀਆਂ ਉਡਾਣਾਂ ਰੋਕੀਆਂ
ਦਿੱਲੀ ਤੋਂ ਬੰਗਲਾਦੇਸ਼ ਜਾਣ ਵਾਲੀ ੳੁਡਾਣ ਕੋਲਕਾਤਾ ਭੇਜੀ; ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਪੁੱਜੀਆਂ; ਰਾਹਤ ਕਾਰਜ ਜਾਰੀ
Massive fire erupts at Cargo Village of Dhaka's Hazrat Shahjalal International Airport ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ’ਤੇ ਅੱਜ ਦੁਪਹਿਰ ਵੇਲੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਿਆ। ਅਧਿਕਾਰੀਆਂ ਨੇ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਅੱਗ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ ਜਾਂ ਨਹੀਂ। ਇਹ ਪਤਾ ਲੱਗਿਆ ਹੈ ਕਿ ਅੱਗ ਦੁਪਹਿਰ ਦੇ ਸਾਢੇ ਤਿੰਨ ਵਜੇ ਦੇ ਕਰੀਬ ਲੱਗੀ।
ਜਾਣਕਾਰੀ ਅਨੁਸਾਰ ਕਾਰਗੋ ਕੰਪਲੈਕਸ ਤੋਂ ਸੰਘਣਾ ਧੂੰਆਂ ਉੱਠਣ ਤੋਂ ਬਾਅਦ ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਪਰ ਖਬਰ ਲਿਖੇ ਜਾਣ ਤਕ ਬਚਾਅ ਤੇ ਰਾਹਤ ਕਾਰਜ ਜਾਰੀ ਸਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਅੱਗ ਲੱਗਣ ਵਾਲੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਹਨ।
ਇਹ ਜਾਣਕਾਰੀ ਮਿਲੀ ਹੈ ਕਿ ਕਾਰਗੋ ਦਾ ਸਾਰਾ ਖੇਤਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਦਿੱਲੀ ਤੋਂ ਬੰਗਲਾਦੇਸ਼ ਜਾਣ ਵਾਲੀ ਉਡਾਣ ਵੀ ਕੋਲਕਾਤਾ ਭੇਜੀ ਗਈ ਹੈ। ਇਸ ਵੇਲੇ ਹਵਾਈ ਅੱਡੇ ’ਤੇ ਅਫਰਾ ਤਫਰੀ ਮਚੀ ਹੋਈ ਹੈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਹਵਾਈ ਅੱਡੇ ਦਾ ਸਾਰਾ ਖੇਤਰ ਸੰਘਣੇ ਕਾਲੇ ਧੂੰਏਂ ਦੀ ਮਾਰ ਹੇਠ ਆ ਗਿਆ ਜਿਸ ਕਾਰਨ ਆਸ ਪਾਸ ਦੇ ਲੋਕਾਂ ਨੂੰ ਸਾਹ ਦੀ ਸਮੰਸਿਆ ਵੀ ਸ਼ੁਰੂ ਹੋ ਗਈ। ਪੁਲੀਸ ਅਧਿਕਾਰੀਆਂ ਨੇ ਮੀਡੀਆ ਚੈਨਲਾਂ ਨੂੰ ਦੱਸਿਆ ਕਿ ਅੱਗ ਕਾਰਨ ਫਿਲਹਾਲ ਜਾਨੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।