ਨਵਨੀਤ ਚਤੁਰਵੇਦੀ ਖ਼ਿਲਾਫ਼ ਲੁਧਿਆਣਾ ਵਿੱਚ ਵੀ ਕੇਸ ਦਰਜ
‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਫਰਜ਼ੀ ਹਸਤਾਖਰ ਕਰਨ ਦੇ ਦੋਸ਼ ਲਗਾਏ
ਰਾਜ ਸਭਾ ਵਿਚ ਪੰਜਾਬ ਦੀ ਇਕ ਸੀਟ ਲਈ ਹੋਣ ਵਾਲੀ ਉਪ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰਨ ਵਾਲੇ ਨਵਨੀਤ ਚਤੁਰਵੇਦੀ ਖ਼ਿਲਾਫ਼ ਲੁਧਿਆਣਾ ਦੇ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਐੱਫਆਈਆਰ ਦਰਜ ਕਰਵਾਈ ਹੈ। ਵਿਧਾਇਕ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 2 ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੱਪੀ ਨੇ ਸ਼ਿਕਾਇਤ ਵਿਚ ਦੋਸ਼ ਲਗਾਏ ਹਨ ਕਿ ਨਵਨੀਤ ਨੇ ਉਨ੍ਹਾਂ ਦੇ ਵੀ ਫਰਜ਼ੀ ਦਸਤਖ਼ਤ ਕੀਤੇ ਸਨ।
ਇਹ ਵੀ ਪੜ੍ਹੋ: ਦੋ ਦਿਨਾਂ ਦੀ ਖਿੱਚੋਤਾਣ ਪਿੱਛੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ
ਨਵਨੀਤ ਚਤੁਰਵੇਦੀ ਨੇ 24 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਦਾਖ਼ਲ ਨਾਮਜ਼ਦਗੀ ਪੱਤਰ ਦੇ ਨਾਲ ‘ਆਪ’ ਦੇ 10 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਵੀ ਨੱਥੀ ਕੀਤਾ ਸੀ। ਹਾਲਾਂਕਿ ਪੜਤਾਲ ਦੌਰਾਨ ਇਹ ਪੱਤਰ ਫਰਜ਼ੀ ਨਿਕਲਿਆ ਤੇ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਵੀ ਖਾਰਜ ਕਰ ਦਿੱਤੇ ਗਏ। ਉਨ੍ਹਾਂ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਸ਼ਿਕਾਇਤ ਕੀਤੀ ਹੈ।
ਇਸੇ ਕੜੀ ਵਿਚ ਲੁਧਿਆਣਾ (ਕੇਂਦਰੀ) ਤੋਂ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਸ਼ਿਕਾਇਤ ’ਤੇ ਵੀ ਥਾਣਾ ਡਵੀਜਨ ਨੰਬਰ 2 ਵਿੱਚ ਚਤੁਰਵੇਦੀ ਖ਼ਿਲਾਫ਼ ਬੀਐਨਐਸ ਦੀ ਧਾਰਾ 318 (4), 338, 336 ਤੇ 61 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੱਪੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਵੱਟਸਐਪ ’ਤੇ ਉਨ੍ਹਾਂ ਨੇ ਵਿਧਾਇਕਾਂ ਦੀ ਸੂਚੀ ਵਾਲੀ ਤਸਵੀਰ ਵੇਖੀ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਅਜਿਹੇ ਕਿਸੇ ਪੱਤਰ ’ਤੇ ਦਸਤਖ਼ਤ ਨਹੀਂ ਕੀਤੇ।