ਫੌਜਾ ਸਿੰਘ ਦਾ ਸਸਕਾਰ ਅੱਜ
ਲੰਡਨ ’ਚ ਦੌਡ਼ ਰਾਹੀਂ ਦਿੱਤੀ ਜਾਵੇਗੀ ਸ਼ਰਧਾਂਜਲੀ
Advertisement
ਬਜ਼ੁਰਗ ਦੌੜਾਕ ਫੌਜਾ ਸਿੰਘ ਦਾ ਭਲਕੇ 20 ਜੁਲਾਈ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਬਿਆਸ ’ਚ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਪਿੰਡ ’ਚ ਵੱਡੀ ਪੱਧਰ ’ਤੇ ਸਸਕਾਰ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਪੁੱਤਰ ਸੁਖਜਿੰਦਰ ਸਿੰਘ ਯੂਕੇ ਤੋਂ ਪਿੰਡ ਬਿਆਸ ਪੁੱਜ ਗਿਆ ਹੈ। ਸੁਖਜਿੰਦਰ ਸਿੰਘ ਅੱਜ ਆਪਣੇ ਪਿਤਾ ਦੇ ਬੂਟ ਤੇ ਮੈਡਲ ਦੇਖ ਕੇ ਭਾਵੁਕ ਹੋ ਗਿਆ। ਫੌਜਾ ਸਿੰਘ ਦੀ 14 ਜੁਲਾਈ ਨੂੰ ਆਪਣੇ ਘਰ ਦੇ ਬਾਹਰ ਸੈਰ ਕਰਦੇ ਸਮੇਂ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ ਸੀ। ਫੌਜਾ ਸਿੰਘ ਵਿਸ਼ਵ ਦੇ ਪਹਿਲੇ 100 ਸਾਲਾ ਮੈਰਾਥਨ ਦੌੜਾਕ ਸਨ। ਉਨ੍ਹਾਂ ਦਾ ਜਨਮ ਪਹਿਲੀ ਅਪਰੈਲ, 1911 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ’ਚ ਹੋਇਆ ਸੀ। ਉਧਰ ਪੂਰਬੀ ਲੰਡਨ ਦੇ ਇਲਫੋਰਡ ’ਚ ਸਿੱਖ ਵੀ ਭਲਕੇ ਸਵੇਰੇ ਫੌਜਾ ਸਿੰਘ ਨੂੰ ਸ਼ਰਧਾਂਜਲੀ ਦੇਣਗੇ ਜਿਥੇ ਉਨ੍ਹਾਂ ਦੋ ਦਹਾਕੇ ਤੋਂ ਵੱਧ ਦਾ ਸਮਾਂ ਗੁਜ਼ਾਰਿਆ ਸੀ। ਫੌਜਾ ਸਿੰਘ ਦੀ ਆਪਣੇ ਬ੍ਰਿਟਿਸ਼ ਕੋਚ ਹਰਮੰਦਰ ਸਿੰਘ (66) ਨਾਲ ਵਿਲੱਖਣ ਨੇੜਤਾ ਸੀ। ਉਸ ਨੇ ਫੌਜਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਦੌੜ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਹੈ। ‘ਸਿੱਖਸ ਇਨ ਦਿ ਸਿਟੀ’ ਕਲੱਬ ਨੇ ਲੋਕਾਂ ਨੂੰ ਫੌਜਾ ਸਿੰਘ ਦੇ ਦੋ ਕਿਲੋਮੀਟਰ ਦੇ ਸਿਖਲਾਈ ਰੂਟ ਦੇ ਘੱਟੋ-ਘੱਟ 114 ਚੱਕਰ ਪੂਰੇ ਕਰਨ ਦਾ ਸੱਦਾ ਦਿੱਤਾ ਹੈ। ਫੌਜਾ ਸਿੰਘ ਨੇ ਇਕ ਵਾਰ ਆਪਣੇ ਕੋਚ ਹਰਮੰਦਰ ਸਿੰਘ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਸੀ, ‘‘ਮੈਂ ਮਾਮੂਲੀ ਜਿਹਾ ਬੰਦਾ, ਮੈਂ ਹੱਥ ਆ ਗਿਆ ਚੰਗੇ ਬੰਦੇ ਦੇ।’’ ਹਰਮੰਦਰ ਸਿੰਘ ਨੇ ਫੌਜਾ ਸਿੰਘ ਨੂੰ ਚੇਤੇ ਕਰਦਿਆਂ ਕਿਹਾ ਕਿ ਜਦੋਂ ਲੋਕਾਂ ਤੋਂ ਕਿਸੇ ਸਿੱਖ ਦਾ ਨਾਮ ਦੱਸਣ ਲਈ ਆਖਿਆ ਜਾਂਦਾ ਸੀ ਤਾਂ ਉਹ ਫੌਜਾ ਸਿੰਘ ਦਾ ਨਾਮ ਲੈਂਦੇ ਸਨ। ਹਰਮੰਦਰ ਸਿੰਘ ਨੇ ਦੱਸਿਆ, ‘‘ਫੌਜਾ ਸਿੰਘ ਲੰਡਨ ਮੈਰਾਥਨ ਦੀ ਕੋਚਿੰਗ ਲਈ ਤਿੰਨ-ਪੀਸ ਸੂਟ ਪਹਿਨ ਕੇ ਆਇਆ ਸੀ। ਮੈਂ ਉਨ੍ਹਾਂ ਨੂੰ ਜੈਕੇਟ ਉਤਾਰਨ ਲਈ ਕਿਹਾ ਅਤੇ ਆਖਿਆ ਕਿ ਜੇ ਉਹ ਇੰਜ ਹੀ ਭੱਜੇ ਤਾਂ ਇੰਝ ਜਾਪੇਗਾ ਕਿਵੇਂ ਕੋਈ ਅਪਰਾਧ ਕਰਕੇ ਮੌਕੇ ਤੋਂ ਭੱਜ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਫੌਜਾ ਸਿੰਘ ਕਦੇ ਵੀ ਪੈਸੇ ਨਹੀਂ ਲੈਂਦੇ ਸਨ ਅਤੇ ਉਹ ਆਪਣੇ ਕੋਲ ਸਿਰਫ਼ ਤੋਹਫ਼ੇ ਜਾਂ ਭਾਵਨਾਤਮਕ ਮੁੱਲ ਵਾਲੀਆਂ ਚੀਜ਼ਾਂ ਹੀ ਰੱਖਦੇ ਸਨ। ਹਰਮੰਦਰ ਨੂੰ ਉਹ ਧਾਰਮਿਕ, ਸਾਦਾ ਅਤੇ ਮਨੁੱਖਤਾ ਦੇ ਪ੍ਰਤੀਕ ਲਗਦੇ ਸਨ।
Advertisement
Advertisement