ਐਲਨ ਮਸਕ ਦੀ SpaceX ਵੱਲੋਂ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਤੀਜੀ ਕੋਸ਼ਿਸ਼ ਵੀ ਨਾਕਾਮ
ਟੈਕਸਾਸ(ਅਮਰੀਕਾ), 28 ਮਈ
SpaceX Rocket Starship: ਵਿਸ਼ਵ ਦੇ ਸਭ ਤੋਂ ਧਨਾਢ ਵਿਅਕਤੀ ਐਲਨ ਮਸਕ ਦੀ ਕੰਪਨੀ SpaceX ਨੇ ਦੁਨੀਆ ਦੇ ਸਭ ਤੋਂ ਤਾਕਤਵਾਰ ਰਾਕੇਟ ‘ਸਟਾਰਸ਼ਿਪ’ ਦਾ 9ਵਾਂ ਟੈਸਟ 28 ਮਈ ਨੂੰ (ਭਾਰਤੀ ਸਮੇਂ ਮੁਤਾਬਕ) ਸਵੇਰੇ 5 ਵਜੇ ਟੈਕਸਾਸ ਦੇ ਬੋਕਾ ਚਿਕਾ ਤੋਂ ਕੀਤਾ। ਲਾਂਚਿੰਗ ਦੇ ਕਰੀਬ ਅੱਧੇ ਘੰਟੇ ਬਾਅਦ ਰਾਕੇਟ ਬੇਕਾਬੂ ਹੋ ਗਿਆ ਤੇ ਧਰਤੀ ਦੇ ਵਾਤਾਵਰਨ ਵਿਚ ਦਾਖ਼ਲ ਹੁੰਦੇ ਹੀ ਤਬਾਹ ਹੋ ਗਿਆ। ਉਂਝ ਇਹ ਲਗਾਤਾਰ ਤੀਜੀ ਵਾਰ ਹੈ ਜਦੋਂਕਿ SpaceX ਦੇ ਰਾਕੇਟ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਕੋਸ਼ਿਸ਼ ਅਸਫ਼ਲ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਇਸ ਅਜ਼ਮਾਇਸ਼ ’ਤੇ ਕਰੀਬ 8.3 ਲੱਖ ਕਰੋੜ (10 ਬਿਲੀਅਨ ਡਾਲਰ) ਰੁਪਏ ਦਾ ਖਰਚਾ ਆਇਆ ਹੈ।
Starship’s ninth flight test marked a major milestone for reuse with the first flight-proven Super Heavy booster launching from Starbase, and once more returned Starship to space → https://t.co/Gufroc2kUz pic.twitter.com/RNJkj5OobP
— SpaceX (@SpaceX) May 28, 2025
ਅਮਰੀਕਾ ਦੀ ਨਿੱਜੀ ਐਰੋਸਪੇਸ ਤੇ ਪੁਲਾੜ ਆਵਾਜਾਈ ਸੇਵਾ ਕੰਪਨੀ ‘SpaceX’ ਨੇ ਸਟਾਰਸ਼ਿਪ ਨੂੰ ਮੁੜ ਤੋਂ ਲਾਂਚ ਕੀਤਾ ਸੀ, ਪਰ ਰਾਕੇਟ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਟੁੱਟ ਕੇ ਆਪਣੇ ਟੀਚੇ ਤੋਂ ਖੁੰਝ ਗਿਆ। ਟੈਕਸਾਸ ਦੇ ਦੱਖਣੀ ਸਿਰੇ ’ਤੇ ‘Spacex’ ਦੀ ਲਾਂਚ ਸਾਈਟ ‘ਸਟਾਰਬੇਸ’ ਤੋਂ 123 ਮੀਟਰ ਲੰਮੇ ਰਾਕੇਟ ਨੇ ਆਪਣੀ ਨੌਵੀਂ ‘ਅਜ਼ਮਾਇਸ਼ੀ’ ਉਡਾਨ ਭਰੀ। ਇਸ ਅਜ਼ਮਾਇਸ਼ ਮਗਰੋਂ ਕਈ ਨਕਲੀ ਉਪਗ੍ਰਹਿਆਂ ਨੂੰ ਛੱਡਣ ਦੀ ਉਮੀਦ ਕੀਤੀ ਗਈ ਸੀ, ਪਰ ਪੁਲਾੜ ਵਾਹਨ ਦਾ ਦਰਵਾਜ਼ਾ ਪੂਰੀ ਤਰ੍ਹਾਂ ਨਾਲ ਨਹੀਂ ਖੁੱਲ੍ਹਿਆ ਤੇ ਪ੍ਰੀਖਣ ਅਸਫ਼ਲ ਹੋ ਗਿਆ। ਇਸ ਮਗਰੋਂ ਰਾਕੇਟ ਪੁਲਾੜ ਵਿਚ ਘੁੰਮਦੇ ਹੋਏ ਬੇਕਾਬੂ ਹੋ ਕੇ ਹਿੰਦ ਮਹਾਸਾਗਰ ਵਿਚ ਡਿੱਗ ਕੇ ਤਬਾਹ ਹੋ ਗਿਆ।
‘SpaceX’ ਨੇ ਮਗਰੋਂ ਪੁਸ਼ਟੀ ਕੀਤੀ ਕਿ ਪੁਲਾੜ ਵਾਹਨ ‘ਬੇਤਰਤੀਬੇ’ ਤਰੀਕੇ ਨਾਲ ਟੁੱਟ ਕੇ ਫਟ ਗਿਆ। ਕੰਪਨੀ ਨੇ ਇਕ ਆਨਲਾਈਨ ਬਿਆਨ ਵਿਚ ਕਿਹਾ, ‘‘ਟੀਮ ਡੇਟਾ ਦੀ ਸਮੀਖਿਆ ਜਾਰੀ ਰੱਖੇਗੀ ਤੇ ਅਗਲੇ ਪ੍ਰੀਖਣ ਦੀ ਦਿਸ਼ਾ ਵਿਚ ਕੰਮ ਕਰੇਗੀ।’’
SpaceX ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਐਲਨ ਮਸਕ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਪਿਛਲੀ ਦੋ ਵਾਰ ਦੀਆਂ ਅਸਫ਼ਲਤਾਵਾਂ ਤੋਂ ਸਬਕ ਲੈਂਦਿਆਂ ਇਸ ਵਾਰ ਦੇ ਪ੍ਰੀਖਣ ਵਿਚ ‘ਵੱਡਾ ਸੁਧਾਰ’ ਕੀਤਾ ਗਿਆ ਸੀ। ਪਿਛਲੇ ਪ੍ਰੀਖਣ ਵਿਚ ‘ਸਟਾਰਸ਼ਿਪ’ ਦੇ ਵਾਹਨ ਦਾ ਮਲਬਾ ਐਟਲਾਂਟਿਕ ਦੇ ਉੱਤੇ ਸੜ ਕੇ ਨਸ਼ਟ ਹੋ ਗਿਆ ਸੀ। ਹਾਲੀਆ ਅਸਫ਼ਲਤਾ ਦੇ ਬਾਵਜੂਦ ਮਸਕ ਨੇ ਅੱਗੇ ਹੋਰ ਲਾਂਚ ਦਾ ਵਾਅਦਾ ਕੀਤਾ ਹੈ।
ਮਸਕ ਦੀ ਸਟਾਰਸ਼ਿਪ ‘ਚੰਦਰਮਾ’ ਤੇ ਮੰਗਲ ਦੀ ਯਾਤਰਾ ਲਈ ਭੇਜੀ ਜਾਵੇਗੀ ਤੇ ਇਹ ਪਹਿਲੀ ਵਾਰ ਹੈ ਜਦੋਂ ਲਾਂਚ ਲਈ ਮੁੜ ਵਰਤੇ ਗਏ ਬੂਸਟਰ ਦਾ ਇਸਤੇਮਾਲ ਕੀਤਾ ਗਿਆ ਸੀ। ਸਪੇਸਐਕਸ ਫਲਾਈਟ ਟਿੱਪਣੀਕਾਰ ਡੈਨ ਹਿਊਟ ਨੇ ਕਿਹਾ, ‘‘ਇੱਕ ਸਮੇਂ ਬੂਸਟਰ ਨਾਲ ਸੰਪਰਕ ਟੁੱਟ ਗਿਆ ਅਤੇ ਪੁਲਾੜ ਵਾਹਨ ਟੁਕੜਿਆਂ ਵਿੱਚ ਟੁੱਟ ਕੇ ਮੈਕਸਿਕੋ ਦੀ ਖਾੜੀ ਵਿੱਚ ਡਿੱਗ ਗਿਆ ਜਦੋਂਕਿ ਪੁਲਾੜ ਯਾਨ ਹਿੰਦ ਮਹਾਸਾਗਰ ਵੱਲ ਵਧ ਰਿਹਾ ਸੀ। ਇਸ ਤੋਂ ਬਾਅਦ ਸ਼ਾਇਦ ਈਂਧਣ ਰਿਸਾਅ ਕਰਕੇ ਪੁਲਾੜ ਯਾਨ ਕੰਟਰੋਲ ਤੋਂ ਬਾਹਰ ਹੋ ਗਿਆ।’’ -ਏਪੀ