ਪੂਰਬੀ ਅਫ਼ਗ਼ਾਨਿਸਤਾਨ ਵਿਚ ਭੂਚਾਲ ਨਾਲ 610 ਮੌਤਾਂ, 1300 ਲੋਕ ਜ਼ਖ਼ਮੀ
ਪੂਰਬੀ ਅਫ਼ਗ਼ਾਨਿਸਤਾਨ ਵਿਚ ਐਤਵਾਰ ਦੇਰ ਰਾਤ ਆਏ ਭੂਚਾਲ ਵਿਚ ਘੱਟੋ ਘੱਟ 610 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 1300 ਦੇ ਕਰੀਬ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਇਹ ਦਾਅਵਾ ਤਾਲਿਬਾਨ ਸਰਕਾਰ ਦੇ ਤਰਜਮਾਨ ਨੇ ਕੀਤਾ ਹੈ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6 ਮਾਪੀ ਗਈ ਤੇ ਇਸ ਨੇ ਐਤਵਾਰ ਦੇਰ ਰਾਤ ਗੁਆਂਢੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਦੇ ਨੇੜੇ ਕੁਨਾਰ ਸੂਬੇ ਦੇ ਕਸਬਿਆਂ ਨੂੰ ਹਿਲਾ ਕੇ ਰੱਖ ਦਿੱਤਾ। ਭੂਚਾਲ ਨਾਲ ਕਈ ਪਿੰਡ ਤਬਾਹ ਹੋ ਗਏ ਅਤੇ ਭਾਰੀ ਨੁਕਸਾਨ ਹੋਇਆ।
ਭੂਚਾਲ ਐਤਵਾਰ ਦੇਰ ਰਾਤੀਂ 11:47 ਵਜੇ ਆਇਆ ਅਤੇ ਇਸ ਦਾ ਕੇਂਦਰ ਸਿਰਫ਼ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਘੱਟ ਡੂੰਘੇ ਭੂਚਾਲ ਵਧੇਰੇ ਨੁਕਸਾਨ ਪਹੁੰਚਾਉਂਦੇ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਖ਼ਬਰ ਏਜੰਸੀ ਕੋਲ ਜਾਨੀ ਨੁਕਸਾਨ ਦੇ ਅੰਕੜਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੇਰ ਰਾਤ ਆਏ ਭੂਚਾਲ ਵਿੱਚ ਕੁਨਾਰ ਵਿੱਚ 610 ਲੋਕ ਮਾਰੇ ਗਏ ਅਤੇ 1,300 ਜ਼ਖਮੀ ਹੋਏ। ਕਈ ਘਰ ਤਬਾਹ ਹੋ ਗਏ। ਕਾਨੀ ਨੇ ਕਿਹਾ ਕਿ ਨੰਗਰਹਾਰ ਵਿੱਚ ਇੱਕ ਦਰਜਨ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ।