DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਾ ਤਸਕਰੀ: ਸੰਗਰੂਰ ਜੇਲ੍ਹ ਦਾ ਡੀਐੱਸਪੀ ਗ੍ਰਿਫ਼ਤਾਰ

ਨਸ਼ੇ ਤੇ ਮੋਬਾਈਲ ਫੋਨ ਦੇਣ ਬਦਲੇ 40 ਹਜ਼ਾਰ ਰੁਪਏ ਲਏ ਅਤੇ 26 ਹਜ਼ਾਰ ਪਤਨੀ ਦੇ ਖਾਤੇ ’ਚ ਪੁਆਏ
  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ। -ਫੋਟੋ: ਲਾਲੀ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 15 ਮਈ

Advertisement

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਸੰਗਰੂਰ ਪੁਲੀਸ ਨੇ ਜੇਲ੍ਹ ਅੰਦਰ ਚੱਲ ਰਹੇ ਨਸ਼ਾ ਤਸਕਰੀ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਇਸ ਕੇਸ ਵਿੱਚ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਡੀਐੱਸਪੀ (ਸੁਰੱਖਿਆ) ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਜੇਲ੍ਹ ਦਾ ਇਕ ਦਰਜਾ-4 ਮੁਲਾਜ਼ਮ ਪਹਿਲਾਂ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੈ। ਇਸ ਕੇਸ ਵਿੱਚ ਹੁਣ ਤੱਕ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਇੱਥੇ ਅੱਜ ਸੱਦੀ ਪ੍ਰੈੱਸ ਕਾਨਫ਼ਰੰਸ ਨੂੰ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਵੱਲੋਂ ਸੰਗਰੂਰ ਜੇਲ੍ਹ ’ਚ ਮਾਰੇ ਗਏ ਛਾਪਿਆਂ ਦੌਰਾਨ 12 ਮੋਬਾਈਲ ਫੋਨ, 50 ਗ੍ਰਾਮ ਅਫ਼ੀਮ, 12 ਗ੍ਰਾਮ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ। ਇਸ ਮਾਮਲੇ ਵਿੱਚ ਅੱਠ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਮੁੱਢਲੀ ਜਾਂਚ ਦੌਰਾਨ ਜੇਲ੍ਹ ਦੇ ਇਕ ਦਰਜਾ-4 ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਅੰਮ੍ਰਿਤਸਰ ਦੇ ਨਸ਼ਾ ਤਸਕਰ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਜੇਲ੍ਹ ਵਿੱਚ ਬੰਦ ਗੁਰਵਿੰਦਰ ਸਿੰਘ ਦਾ ਸਾਥੀ ਹੈ। ਪੁਲੀਸ ਵੱਲੋਂ ਅੰਮ੍ਰਿਤਸਰ ਵਿੱਚ ਮਾਰੇ ਗਏ ਛਾਪੇ ਦੌਰਾਨ ਮਨਪ੍ਰੀਤ ਸਿੰਘ ਦੇ ਕਬਜ਼ੇ ਵਿੱਚੋਂ ਚਾਰ ਕਿੱਲੋ ਹੈਰੋਇਨ, 5.5 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਵਿਦੇਸ਼ੀ 9 ਐੱਮਐੱਮ ਦਾ ਗਲੌਕ ਬਰਾਮਦ ਕੀਤਾ ਗਿਆ।

ਸ੍ਰੀ ਚਾਹਲ ਨੇ ਦੱਸਿਆ ਕਿ ਜਾਂਚ ਨੂੰ ਅੱਗੇ ਵਧਾਉਣ ’ਤੇ ਪਤਾ ਲੱਗਾ ਕਿ ਡੀਐੱਸਪੀ ਗੁਰਪ੍ਰੀਤ ਸਿੰਘ ਜੇਲ੍ਹ ਵਿੱਚ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਮੁਲਜ਼ਮ ਡੀਐੱਸਪੀ ਨੇ ਜੇਲ੍ਹ ਵਿੱਚ 25 ਗ੍ਰਾਮ ਹੈਰੋਇਨ ਅਤੇ ਦੋ ਮੋਬਾਈਲ ਫੋਨ ਪਹੁੰਚਾਉਣ ਬਦਲੇ ਕੈਦੀ ਗੁਰਚੇਤ ਦੇ ਰਿਸ਼ਤੇਦਾਰ ਕੋਲੋਂ 40 ਹਜ਼ਾਰ ਰੁਪਏ ਅਤੇ ਯੂਪੀਆਈ ਰਾਹੀਂ ਆਪਣੀ ਪਤਨੀ ਦੇ ਖਾਤੇ ਵਿੱਚ 26 ਹਜ਼ਾਰ ਰੁਪਏ ਪੁਆਏ ਸਨ। ਉਨ੍ਹਾਂ ਦੱਸਿਆ ਕਿ ਕੁੱਲ 25 ਗ੍ਰਾਮ ਹੈਰੋਇਨ ਵਿੱਚੋਂ 12 ਗ੍ਰਾਮ ਹੈਰੋਇਨ ਰਵੀ ਨਾਮ ਦੇ ਇੱਕ ਹੋਰ ਕੈਦੀ ਕੋਲੋਂ ਬਰਾਮਦ ਕੀਤੀ ਗਈ ਹੈ, ਜੋ ਕਿ ਗੁਰਚੇਤ ਦੇ ਕਹਿਣ ’ਤੇ ਅੱਗੇ ਹੋਰਨਾਂ ਕੈਦੀਆਂ ਨੂੰ ਨਸ਼ੇ ਵੇਚਦਾ ਸੀ।

ਹੁਣ ਤੱਕ 19 ਮੁਲਜ਼ਮ ਕੀਤੇ ਜਾ ਚੁੱਕੇ ਨੇ ਗ੍ਰਿਫ਼ਤਾਰ

ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਡੀਐੱਸਪੀ ਗੁਰਪ੍ਰੀਤ ਸਿੰਘ, ਪ੍ਰਸ਼ਾਂਤ ਮਜੂਮਦਾਰ, ਨਸ਼ਾ ਤਸਕਰ ਮਨਪ੍ਰੀਤ ਸਿੰਘ, ਕੈਦੀ ਗੁਰਚੇਤ ਦੀ ਮਾਂ ਬੰਤੋ ਉਰਫ਼ ਬੰਸੋ ਤੋਂ ਇਲਾਵਾ ਗੁਰਵਿੰਦਰ ਸਿੰਘ, ਲਵਜੀਤ ਸਿੰਘ, ਸਿਕੰਦਰ ਸਿੰਘ, ਪ੍ਰਗਟ ਸਿੰਘ, ਸੁਲਤਾਨ ਸਿੰਘ, ਅਮਨ ਕੁਮਾਰ, ਅਜੈ, ਹਰਪ੍ਰੀਤ ਸਿੰਘ ਵਾਸੀ ਲੁਧਿਆਣਾ, ਰਿਸ਼ੀਪਾਲ, ਹਰਪ੍ਰੀਤ ਸਿੰਘ ਵਾਸੀ ਧੂਰੀ, ਮੁੰਨਾ, ਗੁਰਰਾਜ ਸਿੰਘ, ਰਘਵੀਰ ਸਿੰਘ, ਗੁਰਚੇਤ ਸਿੰਘ ਅਤੇ ਰਾਜੀਵ ਕੌਸ਼ਲ ਉਰਫ਼ ਗੱਗੂ ਸਣੇ ਕੁੱਲ 19 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਥਾਣਾ ਸਿਟੀ-1 ਸੰਗਰੂਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਿਸ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਬਾਅਦ ਵਿੱਚ ਜੋੜੀ ਗਈ ਹੈ। ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਸਮੁੱਚੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਡੀਜੀਪੀ ਨੂੰ ਨਸ਼ਾ ਤਸਕਰੀ ’ਚ ਜੇਲ੍ਹ ਅਧਿਕਾਰੀਆਂ ਦੀ ਭੂਮਿਕਾ ਜਾਂਚਣ ਦੇ ਨਿਰਦੇਸ਼

ਚੰਡੀਗੜ੍ਹ (ਸੌਰਭ ਮਲਿਕ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਨਸ਼ਾ ਤਸਕਰੀ ਦੇ ਉਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਲਈ ‘ਬਹੁਤ ਸੀਨੀਅਰ ਅਧਿਕਾਰੀ’ ਨੂੰ ਨਿਯੁਕਤ ਕਰਨ ਵਾਸਤੇ ਕਿਹਾ ਹੈ, ਜਿਨ੍ਹਾਂ ਵਿੱਚ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਤਸਕਰੀ ਹੋਣ ਦੇ ਦੋਸ਼ ਹਨ। ਇਹ ਆਦੇਸ਼ ਜਸਟਿਸ ਐੱਨਐੱਸ ਸ਼ੇਖਾਵਤ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਤਸਕਰੀ ਨੂੰ ਕਰਾਉਣ ਵਾਲੇ ਜੇਲ੍ਹ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਵਿੱਚ ਕਾਫੀ ਲਾਪ੍ਰਵਾਹੀ ਵਾਲਾ ਰਵੱਈਆ ਅਪਣਾਉਣ ਲਈ ਸਬੰਧਤ ਐੱਸਐੱਸਪੀ ਦੀ ਝਾੜ-ਝੰਬ ਕੀਤੇ ਜਾਣ ਮਗਰੋਂ ਆਇਆ ਹੈ। ਜਸਟਿਸ ਸ਼ੇਖਾਵਤ ਨੇ ਕਿਹਾ, ‘‘ਇਹ ਆਸ ਕੀਤੀ ਜਾਂਦੀ ਹੈ ਕਿ ਅਜਿਹੇ ਸਾਰੇ ਮਾਮਲਿਆਂ ਵਿੱਚ ਸਭ ਤੋਂ ਸੀਨੀਅਰ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਵੀ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੂੰ ਆਮ ਤੌਰ ’ਤੇ ਪੁਲੀਸ ਬਿਨਾ ਕਿਸੇ ਤਰਕ ਤੋਂ ਛੱਡ ਦਿੰਦੀ ਹੈ।’’ ਉਨ੍ਹਾਂ ਐੱਸਐੱਸਪੀ ਅੰਮ੍ਰਿਤਸਰ (ਦਿਹਾਤੀ) ਨੂੰ ਮਾਮਲੇ ਦੀ ਅਗਲੀ ਸੁਣਵਾਈ ’ਤੇ 16 ਮਈ ਨੂੰ ਪੂਰੇ ਜਾਂਚ ਰਿਕਾਰਡ ਦੇ ਨਾਲ ਅਦਾਲਤ ’ਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ। ਹਾਈ ਕੋਰਟ ਵੱਲੋਂ ਇਹ ਚਿਤਾਵਨੀ ਤਿੰਨ ਸਬੰਧਤ ਮਾਮਲਿਆਂ ਵਿੱਚ ਦਾਇਰ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਦਿੱਤੀ ਗਈ, ਜਿੱਥੇ ਮੁਲਜ਼ਮ ਕੇਂਦਰੀ ਜੇਲ੍ਹ ਵਿੱਚ ਬੰਦ ਰਹਿੰਦੇ ਹੋਏ ਕਥਿਤ ਤੌਰ ’ਤੇ ਤਸਕਰੀ ਵਿੱਚ ਸ਼ਾਮਲ ਸਨ।

Advertisement
×