ਡਾ. ਨਿਰਮਲ ਜੌੜਾ ਦੀ ਪੁਸਤਕ ‘ਲੌਕਡਾਊਨ’ ਰਿਲੀਜ਼
ਹਰਜੀਤ ਲਸਾੜਾ
ਇੱਥੇ ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਗਾਰਡਨ ਸਿਟੀ ਲਾਇਬ੍ਰੇਰੀ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪਾਕਿਸਤਾਨੀ ਸ਼ਾਇਰ ਤੇ ਪੱਤਰਕਾਰ ਖ਼ਾਲਿਦ ਭੱਟੀ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਡਾ. ਨਿਰਮਲ ਜੌੜਾ ਦੀ ਪੁਸਤਕ ‘ਲੌਕਡਾਊਨ’ ਵੀ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਖ਼ਾਲਿਦ ਭੱਟੀ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਮਨ ਮੋਹਿਆ ਅਤੇ ਪੁਸਤਕ ‘ਲੌਕਡਾਊਨ’ ਦੀ ਸ਼ਲਾਘਾ ਕਰਦਿਆਂ ਉਸ ਦੇ ਵਿਸ਼ਿਆਂ ਅਤੇ ਸਮਕਾਲੀ ਸੰਦਰਭਾਂ ’ਤੇ ਚਰਚਾ ਵੀ ਕੀਤੀ। ਹਰਮਨਦੀਪ ਗਿੱਲ ਨੇ ‘ਲੌਕਡਾਊਨ’ ਨੂੰ ਮਨੁੱਖੀ ਜ਼ਿੰਦਗੀ ਵਿੱਚ ਆ ਰਹੀਆਂ ਅਣਜਾਣੀਆਂ ਤਬਦੀਲੀਆਂ ਦਾ ਦਰਪਣ ਦੱਸਿਆ। ਉਨ੍ਹਾਂ ਖ਼ਾਲਿਦ ਭੱਟੀ ਦੀ ਸ਼ਾਇਰੀ ਨੂੰ ਸੰਵੇਦਨਸ਼ੀਲ ਤੇ ਵਿਚਾਰ ਪ੍ਰੇਰਕ ਦੱਸਿਆ, ਜੋ ਸਮਾਜ ਦੀਆਂ ਅਸਮਾਨਤਾਵਾਂ ਅਤੇ ਸੰਘਰਸ਼ਾਂ ਦਾ ਅਕਸ ਪੇਸ਼ ਕਰਦੀ ਹੈ। ਨੀਤੂ ਸਿੰਘ ਨੇ ਔਰਤ ਦੀ ਮੌਜੂਦਾ ਸਮਾਜਿਕ ਸਥਿਤੀ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਗਾਇਕ ਪਰਮਿੰਦਰ ਸਿੰਘ ਨੇ ਆਪਣੇ ਗੀਤ ਸੁਣਾਏ। ਵਰਿੰਦਰ ਅਲੀਸ਼ੇਰ, ਜਸਕਰਨ ਸ਼ੀਂਹ, ਦਿਨੇਸ਼ ਸ਼ੇਖੂਪੁਰੀ, ਪੱਤਰਕਾਰ ਯਸ਼ਪਾਲ ਗੁਲਾਟੀ, ਅਲੀ ਰਿਆਜ਼ ਅਤੇ ਦਲਵੀਰ ਹਲਵਾਰਵੀ ਨੇ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ।