Indonesian school collapse ਦਰਜਨ ਹੋਰ ਲਾਸ਼ਾਂ ਮਿਲੀਆਂ, ਮੌਤਾਂ ਦੀ ਗਿਣਤੀ ਵਧ ਕੇ 61 ਹੋਈ
ਇੰਡੋਨੇਸ਼ੀਆ ਵਿਚ ਇਸਲਾਮਿਕ ਬੋਰਡਿੰਗ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਕਰਕੇ ਮਲਬੇ ਹੇਠ ਦੱਬਣ ਨਾਲ ਮੌਤਾਂ ਦੀ ਗਿਣਤੀ ਵਧ ਕੇ 61 ਹੋ ਗਈ ਹੈ। ਬਚਾਅ ਤੇ ਰਾਹਤ ਕਾਰਜਾਂ ਵਿਚ ਲੱਗੇ ਅਮਲੇ ਨੇ ਸੋਮਵਾਰ ਨੂੰ ਦਰਜਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਜਦੋਂ ਇਮਾਰਤ ਡਿੱਗੀ ਉਦੋਂ ਬੋਰਡਿੰਗ ਸਕੂਲ ਦੇ ਵਿਦਿਆਰਥੀ ਇਕ ਹਾਲ ਵਿਚ ਪ੍ਰਾਰਥਨਾ ਕਰ ਰਹੇ ਸਨ। ਇਹ ਹਾਦਸਾ 29 ਸਤੰਬਰ ਨੂੰ ਵਾਪਰਿਆ ਸੀ ਤੇ ਮਰਨ ਵਾਲੇ ਵਿਦਿਆਰਥੀਆਂ ਵਿਚੋਂ ਬਹੁਤੇ 12 ਤੇ 19 ਸਾਲ ਉਮਰ ਦੇ ਲੜਕੇ ਹਨ। ਅਲ ਖੋਜ਼ੀਨੀ ਸਕੂਲ ਦੀ ਇਮਾਰਤ ਡਿੱਗਣ ਮੌਕੇ ਇਸ ਵਿਚ ਅਣਅਧਿਕਾਰਤ ਵਾਧਾ ਕੀਤਾ ਜਾ ਰਿਹਾ ਸੀ।
ਅਥਾਰਿਟੀਜ਼ ਨੇ ਕਿਹਾ ਕਿ ਹੁਣ ਤੱਕ ਸਿਰਫ਼ ਇਕ ਵਿਦਿਆਰਥੀ ਨੂੰ ਬਚਾਇਆ ਜਾ ਸਕਿਆ ਹੈ ਤੇ 99 ਹੋਰਨਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਚਾਰ ਗੰਭੀਰ ਜ਼ਖ਼ਮੀਆਂ ਦੇ ਸਰੀਰ ਦੇ ਕੁਝ ਅੰਗ ਕੱਟਣੇ ਪਏ ਹਨ ਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਕੌਮੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਰਾਹਤ ਕਾਮਿਆਂ ਨੇ 12 ਲਾਸ਼ਾਂ ਮਲਬੇ ਹੇਠੋਂ ਕੱਢੀਆਂ ਹਨ ਤੇ ਘੱਟੋ ਘੱਟ ਸੱਤ ਮਨੁੱਖੀ ਅੰਗ ਵੀ ਮਿਲੇ ਹਨ। ਦੋ ਵਿਦਿਆਰਥੀ ਅਜੇ ਵੀ ਲਾਪਤਾ ਹਨ ਤੇ ਉਨ੍ਹਾਂ ਦੀ ਭਾਲ ਜਾਰੀ ਹੈ। ਹਾਲਾਂਕਿ ਇਨ੍ਹਾਂ ਦੇ ਜਿਊਂਦੇ ਹੋਣ ਦੀ ਉਮੀਦ ਘੱਟ ਹੀ ਹੈ। ਅਥਾਰਿਟੀਜ਼ ਨੇ ਕਿਹਾ ਕਿ ਬਹੁਤੀਆਂ ਲਾਸ਼ਾਂ ਦੀ ਪਛਾਣ ਕਰਨੀ ਮੁਸ਼ਕਲ ਹੈ ਜਿਸ ਕਰਕੇ ਕੁਝ ਮਾਪਿਆਂ ਦੇ ਡੀਐੱਨਏ ਨਮੂਨੇ ਲਏ ਗਏ ਹਨ। ਉਂਝ ਟੀਮ ਨੇ ਹੁਣ ਤੱਕ ਸ਼ਨਾਖਤ ਮਗਰੋਂ 17 ਲਾਸ਼ਾਂ ਅੰਤਿਮ ਰਸਮਾਂ ਲਈ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।