Donald Trump ਨੇ ਸੰਯੁਕਤ ਰਾਸ਼ਟਰ ਵਿੱਚ ‘ਤਿਹਰੀ ਸਾਜ਼ਿਸ਼’ ਦੀ ਜਾਂਚ ਮੰਗੀ
ਟਰੰਪ ਨੇ ਬੁੱਧਵਾਰ ਨੂੰ ‘ਟਰੂਥ ਸੋਸ਼ਲ’ ’ਤੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਆਪਣੇ ਆਪ 'ਤੇ ‘ਸ਼ਰਮ’ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਕੱਲ੍ਹ ਸੰਯੁਕਤ ਰਾਸ਼ਟਰ ਵਿੱਚ ਵੱਡੀਆਂ ਬੇਇੱਜ਼ਤੀ ਵਾਲੀਆਂ ਘਟਨਾਵਾਂ ਹੋਈਆਂ - ਇੱਕ ਨਹੀਂ, ਦੋ ਨਹੀਂ, ਸਗੋਂ ਤਿੰਨ ਬਹੁਤ ਭਿਆਨਕ ਘਟਨਾਵਾਂ।’’
ਪਹਿਲੀ ਘਟਨਾ ਉਦੋਂ ਵਾਪਰੀ ਜਦੋਂ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਮੁੱਖ ਆਡੀਟੋਰੀਅਮ ਤੱਕ ਜਾਣ ਲਈ ਐਸਕੇਲੇਟਰ 'ਤੇ ਚੜ੍ਹੇ, ਤਾਂ ਆਟੋਮੈਟਿਕ ਪੌੜੀਆਂ ਅਚਾਨਕ ਰੁਕ ਗਈਆਂ, ਜਿਸ ਕਾਰਨ ਦੋਵਾਂ ਨੂੰ ਪੈਦਲ ਚੱਲ ਕੇ ਉੱਪਰ ਜਾਣਾ ਪਿਆ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਇਹ ਪਲਕ ਝਪਕਦੇ ਹੀ ਰੁਕ ਗਿਆ। ਗਨੀਮਤ ਰਹੀ ਕਿ ਮੇਲਾਨੀਆ ਅਤੇ ਮੈਂ ਮੂੰਹ ਦੇ ਭਾਰ ਅੱਗੇ ਨਹੀਂ ਡਿੱਗੇ। ਅਸੀਂ ਦੋਵਾਂ ਨੇ ਮਜ਼ਬੂਤੀ ਨਾਲ ਹੈਂਡਰੇਲ ਫੜਿਆ ਹੋਇਆ ਸੀ, ਨਹੀਂ ਤਾਂ ਇੱਕ ਵੱਡਾ ਹਾਦਸਾ ਹੋ ਜਾਂਦਾ। ਇਹ ਪੂਰੀ ਤਰ੍ਹਾਂ ਨਾਲ ਸਾਜ਼ਿਸ਼ ਸੀ।’’ ਟਰੰਪ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਬਾਅਦ ਜਦੋਂ ਟਰੰਪ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ 80ਵੇਂ ਸੈਸ਼ਨ ਨੂੰ ਸੰਬੋਧਨ ਕਰਨ ਲਈ ਮੰਚ 'ਤੇ ਚੜ੍ਹੇ ਤਾਂ ਟੈਲੀਪ੍ਰੌਂਪਟਰ ਖ਼ਰਾਬ ਹੋ ਗਿਆ। ਟਰੰਪ ਨੇ ਬਿਨਾਂ ਟੈਲੀਪ੍ਰੌਂਪਟਰ ਦੇ 57 ਮਿੰਟ ਦਾ ਭਾਸ਼ਣ ਦਿੱਤਾ। ਹਾਲਾਂਕਿ 15 ਮਿੰਟ ਬਾਅਦ ਟੈਲੀਪ੍ਰੌਂਪਟਰ ਦੁਬਾਰਾ ਕੰਮ ਕਰਨ ਲੱਗਾ। ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਭਾਸ਼ਣ ਨੂੰ ਸ਼ਾਨਦਾਰ ਸਮੀਖਿਆਵਾਂ ਮਿਲੀਆਂ ਹਨ। ਸ਼ਾਇਦ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਕਿ ਬਹੁਤ ਘੱਟ ਲੋਕ ਉਹ ਕਰ ਸਕਦੇ ਸਨ ਜੋ ਮੈਂ ਕੀਤਾ।’’
ਤੀਜੀ ਘਟਨਾ, ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਮਹਾਸਭਾ ਦੇ ਆਡੀਟੋਰੀਅਮ ਵਿੱਚ ਆਵਾਜ਼ ਪੂਰੀ ਤਰ੍ਹਾਂ ਬੰਦ ਸੀ ਅਤੇ ਵਿਸ਼ਵ ਦੇ ਨੇਤਾ ਸਿਵਾਏ ਦੁਭਾਸ਼ੀਏ ਦੇ ਈਅਰਪੀਸ ਦੀ ਵਰਤੋਂ ਦੇ ਕੁਝ ਵੀ ਸੁਣ ਨਹੀਂ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਮੇਲਾਨੀਆ ਤੋਂ ਪੁੱਛਿਆ, ‘‘ਮੈਂ ਕਿਵੇਂ ਕੀਤਾ? ਤਾਂ ਉਨ੍ਹਾਂ ਕਿਹਾ ਕਿ 'ਮੈਂਨੂੰ ਤੁਹਾਡੀ ਇੱਕ ਵੀ ਗੱਲ ਨਹੀਂ ਸੁਣੀ।’’
ਟਰੰਪ ਨੇ ਕਿਹਾ ਕਿ ਇਹ ਘਟਨਾਵਾਂ ਮਹਿਜ਼ ਇਤਫ਼ਾਕ ਨਹੀਂ ਸਨ ਬਲਕਿ ਸੰਯੁਕਤ ਰਾਸ਼ਟਰ ਵਿੱਚ ‘ਤਿਹਰੀ ਸਾਜ਼ਿਸ਼’ ਸਨ ਅਤੇ ਇਸ ਸੰਸਥਾ ਨੂੰ ਆਪਣੇ ਆਪ ’ਤੇ ‘ਸ਼ਰਮ’ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਪੱਤਰ ਦੀ ਇੱਕ ਕਾਪੀ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਭੇਜ ਰਿਹਾ ਹਾਂ, ਅਤੇ ਮੈਂ ਤੁਰੰਤ ਜਾਂਚ ਦੀ ਮੰਗ ਕਰਦਾ ਹਾਂ। ਇਸ ਵਿੱਚ ਹੈਰਾਨੀ ਨਹੀਂ ਹੈ ਕਿ ਸੰਯੁਕਤ ਰਾਸ਼ਟਰ ਉਹ ਕੰਮ ਨਹੀਂ ਕਰ ਸਕਿਆ ਜਿਸ ਲਈ ਇਸ ਨੂੰ ਸਥਾਪਿਤ ਕੀਤਾ ਗਿਆ ਸੀ।’’
ਇਸ ਦੌਰਾਨ ਟਰੰਪ ਨੇ ‘ਦ ਲੰਡਨ ਟਾਈਮਜ਼’ ਦੀ ਇੱਕ ਖ਼ਬਰ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਦੱਸਿਆ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਦੇ ਆਉਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਉਹ ਐਸਕੇਲੇਟਰ ਅਤੇ ਲਿਫਟ ਬੰਦ ਕਰ ਸਕਦੇ ਹਨ ਅਤੇ ਰਾਸ਼ਟਰਪਤੀ ਨੂੰ ਇਹ ਦੱਸ ਸਕਦੇ ਹਨ ਕਿ ਉਨ੍ਹਾਂ ਕੋਲ ਪੈਸੇ ਖ਼ਤਮ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਪੌੜੀਆਂ ਰਾਹੀਂ ਉੱਪਰ ਜਾਣਾ ਪਵੇਗਾ।