ਹਿਊਸਟਨ ਸਥਿਤ ਭਾਰਤੀ ਕੌਂਸਲਖਾਨੇ ਨੇ ਦੀਵਾਲੀ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਪ੍ਰੋਗਰਾਮ ’ਚ ਭਾਈਚਾਰੇ ਦੇ ਆਗੂ, ਡਿਪਲੋਮੈਟ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਇਕੱਠੇ ਹੋਏ।
ਕੌਂਸਲ ਜਨਰਲ ਡੀ ਸੀ ਮੰਜੂਨਾਥ ਤੇ ਮੇਅਰ ਜੌਹਨ ਵ੍ਹਿਟਮਾਇਰ ਨੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਦੀਵਾਲੀ ਦੀ ਵਧਾਈ ਦਿੱਤੀ। ਮੇਅਰ ਵ੍ਹਿਟਮਾਇਰ ਨੇ ਕਿਹਾ, ‘‘ਮੈਨੂੰ ਸਿਟੀ ਹਾਲ ’ਚ ਦੀਵਾਲੀ ਦੇ ਸਮਾਗਮ ਵਿੱਚ ਹਿਊਸਟਨ ਦੇ ਭਾਰਤੀ ਭਾਈਚਾਰੇ ਨਾਲ ਸ਼ਾਮਲ ਹੋਣ ’ਤੇ ਮਾਣ ਹੈ। ਇਹ ਅਜਿਹਾ ਤਿਉਹਾਰ ਹੈ ਜੋ ਸਾਨੂੰ ਚੇਤੇ ਕਰਾਉਂਦਾ ਹੈ ਕਿ ਚਾਨਣ ਦੀ ਹਨੇਰੇ ’ਤੇ ਜਿੱਤ ਹੁੰਦੀ ਹੈ ਅਤੇ ਅਨੇਕਤਾ ’ਚ ਏਕਤਾ ਸਾਡੀ ਤਾਕਤ ਹੈ।’’
ਕੌਂਸਲ ਜਨਰਲ ਡੀ ਸੀ ਮੰਜੂਨਾਥ ਨੇ ਦੀਵਾਲੀ ਦੇ ਤਿਉਹਾਰ ਦੀ ਭਾਵਨਾ ਨੂੰ ਸਮਝਣ ਲਈ ਮੇਅਰ ਤੇ ਹਿਊਸਟਨ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੌਸ਼ਨੀਆਂ, ਉਮੀਦ ਅਤੇ ਸਦਭਾਵਨਾ ਦੇ ਇਸ ਤਿਉਹਾਰ ਦਾ ਸੁਨੇਹਾ ਹਿਊਸਟਨ ਵਰਗੇ ਵਿਭਿੰਨਤਾ ਭਰਪੂਰ ਅਤੇ ਗਤੀਸ਼ੀਲ ਸ਼ਹਿਰ ’ਚ ਬਹੁਤ ਡੂੰਘਾਈ ਨਾਲ ਗੂੰਜਦਾ ਹੈ। ਪ੍ਰੋਗਰਾਮ ਦੌਰਾਨ ਸ਼ਾਮ ਵੇਲੇ ਕਥਕ ਨ੍ਰਿਤ ਦੀ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਭਾਰਤ ਦੀ ਸ਼ਾਸਤਰੀ ਕਲਾਤਮਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਗਿਆ।