ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ-ਨੇਪਾਲ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ

ਵਿਦੇਸ਼ ਸਕੱਤਰ ਮਿਸਰੀ ਵੱਲੋਂ ਪ੍ਰਧਾਨ ਮੰਤਰੀ ਓਲੀ ਤੇ ਰਾਸ਼ਟਰਪਤੀ ਪੌਡੇਲ ਨਾਲ ਮੁਲਾਕਾਤ
ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਗੱਲਬਾਤ ਕਰਦੇ ਹੋਏ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ। -ਫੋਟੋ: ਏਐੱਨਆਈ
Advertisement

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। ਮਿਸਰੀ ਆਪਣੇ ਨੇਪਾਲੀ ਹਮਰੁਤਬਾ ਅੰਮ੍ਰਿਤ ਬਹਾਦਰ ਰਾਏ ਦੇ ਸੱਦੇ ’ਤੇ ਦੋ ਰੋਜ਼ਾ ਦੌਰੇ ’ਤੇ ਨੇਪਾਲ ਗਏ ਹਨ। ਸਿੰਘਦਰਬਾਰ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਓਲੀ ਨਾਲ ਹੋਈ ਮੁਲਾਕਾਤ ਦੌਰਾਨ ਦੁਵੱਲੇ ਹਿੱਤਾਂ ਬਾਰੇ ਗੱਲਬਾਤ ਕੀਤੀ ਗਈ। ਭਾਰਤੀ ਸਫਾਰਤਖਾਨੇ ਨੇ ਐਕਸ ’ਤੇ ਦੱਸਿਆ ਕਿ ਮਿਸਰੀ ਨੇ ਦੋਹਾਂ ਦੇਸ਼ਾਂ ਦੇ ਗੂੜ੍ਹੇ ਸੱਭਿਆਚਾਰਕ ਸਬੰਧਾਂ ਅਤੇ ਭਾਰਤ-ਨੇਪਾਲ ਦੀ ਮਜ਼ਬੂਤ ਭਾਈਵਾਲੀ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਸਹਿਯੋਗ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਮੀਟਿੰਗ ਵਿੱਚ ਨੇਪਾਲ ’ਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵ ਵੀ ਮੌਜੂਦ ਸਨ। ਇੱਕ ਵੱਖਰੀ ਪੋਸਟ ਵਿੱਚ ਸਫਾਰਤਖਾਨੇ ਨੇ ਦੱਸਿਆ ਕਿ ਵਿਦੇਸ਼ ਸਕੱਤਰ ਨੇ ਰਾਸ਼ਟਰਪਤੀ ਪੌਡੇਲ ਨਾਲ ਵੀ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਬਾਰੇ ਜਾਣਕਾਰੀ ਦਿੱਤੀ। ਆਪਣੀ ਫੇਰੀ ਦੌਰਾਨ ਮਿਸਰੀ ਨੇਪਾਲ ਦੇ ਵਿਦੇਸ਼ ਮੰਤਰੀ ਆਰਜ਼ੂ ਰਾਣਾ ਦੇਓਬਾ, ਆਪਣੇ ਨੇਪਾਲੀ ਹਮਰੁਤਬਾ ਅੰਮ੍ਰਿਤ ਬਹਾਦਰ ਰਾਏ, ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦੇਓਬਾ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਸੈਂਟਰ ਦੇ ਚੇਅਰਮੈਨ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਸਮੇਤ ਹੋਰ ਸਿਆਸੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਭਾਰਤੀ ਸਫਾਰਤਖਾਨੇ ਨੇ ਕਿਹਾ, ‘ਇਹ ਦੌਰਾ ਭਾਰਤ ਅਤੇ ਨੇਪਾਲ ਵਿਚਾਲੇ ਉੱਚ-ਪੱਧਰੀ ਮੀਟਿੰਗਾਂ ਦੀ ਪਰੰਪਰਾ ਨੂੰ ਦਰਸਾਉਂਦਾ ਹੈ ਅਤੇ ‘ਗੁਆਂਢੀ ਪਹਿਲਾਂ ਨੀਤੀ’ ਪ੍ਰਤੀ ਵਚਨਬੱਧਤਾ ਦਰਸਾਉਂਦਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਕਾਸ ਸਹਿਯੋਗ ਅਤੇ ਹੋਰ ਮੁੱਦਿਆਂ ’ਤੇ ਵੀ ਚਰਚਾ ਹੋਵੇਗੀ। ਮਿਸਰੀ ਸੋਮਵਾਰ ਨੂੰ ਆਪਣਾ ਦੌਰਾ ਸਮਾਪਤ ਕਰਕੇ ਵਾਪਸ ਪਰਤਣਗੇ।

Advertisement
Advertisement