Donald Trump ਚਾਰ ਦਿਨਾਂ ’ਚ ਉਹ ਕੰਮ ਕੀਤੇ, ਜੋ ਹੋਰ ਸਰਕਾਰਾਂ ਚਾਰ ਸਾਲਾਂ ’ਚ ਨਹੀਂ ਕਰ ਸਕੀਆਂ: ਟਰੰਪ
ਦਾਵੋਸ, 23 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਦੂਜੇ ਕਾਰਜਕਾਲ ਨਾਲ ਅਮਰੀਕਾ ਦਾ ਸੁਨਹਿਰੀ ਯੁੱਗ ਸ਼ੁਰੂ ਹੋ ਗਿਆ ਹੈ ਅਤੇ ਪੂਰੀ ਦੁਨੀਆ ਜਲਦੀ ਹੀ ਸ਼ਾਂਤੀਪੂਰਨ ਅਤੇ ਖੁਸ਼ਹਾਲ ਹੋਵੇਗੀ। ਟਰੰਪ ਨੇ ਕਿਹਾ ਕਿ ਉਹ ਸਾਊਦੀ ਅਰਬ ਅਤੇ ਓਪੇਕ ਨੂੰ ਤੇਲ ਕੀਮਤਾਂ ਘਟਾਉਣ ਲਈ ਕਹਿਣਗੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇ ਕੀਮਤਾਂ ਘਟਦੀਆਂ ਹਨ ਤਾਂ ਰੂਸ-ਯੂਕਰੇਨ ਜੰਗ ਫੌਰੀ ਖ਼ਤਮ ਹੋ ਜਾਵੇਗੀ। ਵੀਡੀਓ ਕਾਨਫਰੰਸਿੰਗ ਜ਼ਰੀਏ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਚਾਰ ਦਿਨਾਂ ਵਿੱਚ ਉਹ ਕੰਮ ਪੂਰਾ ਕਰ ਲਿਆ ਹੈ ਜੋ ਚਾਰ ਸਾਲਾਂ ਵਿੱਚ ਹੋਰ ਸਰਕਾਰਾਂ ਨਹੀਂ ਕਰ ਸਕੀਆਂ। ਅਮਰੀਕੀ ਸਦਰ ਨੇ ਕਿਹਾ, ‘‘ਅਮਰੀਕਾ ਦਾ ਸੁਨਹਿਰੀ ਯੁੱਗ ਸ਼ੁਰੂ ਹੋ ਗਿਆ ਹੈ, ਸਾਡਾ ਦੇਸ਼ ਜਲਦੀ ਹੀ ਮਜ਼ਬੂਤ, ਸੰਯੁਕਤ ਅਤੇ ਪਹਿਲਾਂ ਨਾਲੋਂ ਵਧੇਰੇ ਅਮੀਰ ਹੋਵੇਗਾ।’’ ਟਰੰਪ ਨੇ ਆਪਣੇ ਵੱਲੋਂ ਪਹਿਲਾਂ ਹੀ ਐਲਾਨੇ ਉਪਰਾਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਸਮੁੱਚਾ ਗ੍ਰਹਿ ਵਧੇਰੇ ਸ਼ਾਂਤੀਪੂਰਨ ਅਤੇ ਖੁਸ਼ਹਾਲ ਹੋਵੇਗਾ। ਟਰੰਪ ਨੇ ਕਿਹਾ ਕਿ ਉਹ ਆਪਣੇ ਦੂਜੇ ਕਾਰਜਕਾਲ ਵਿਚ ਹੋਰ ਕਈ ਕਦਮ ਚੁੱਕਣਗੇ।
ਅਮਰੀਕਾ-ਚੀਨ ਰਿਸ਼ਤਿਆਂ ਦੇ ਹਵਾਲੇ ਨਾਲ ਟਰੰਪ ਨੇ ਕਿਹਾ ਕਿ (ਚੀਨੀ ਹਮਰੁਤਬਾ) ਸ਼ੀ ਜਿਨਪਿੰਗ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਬਹੁਤ ਚੰਗੇ ਸਬੰਧ ਬਣਨ ਜਾ ਰਹੇ ਹਨ। ਟਰੰਪ ਨੇ ਕਿਹਾ, ‘‘ਮੈਂ ਰਾਸ਼ਟਰਪਤੀ ਸ਼ੀ ਨੂੰ ਬਹੁਤ ਪਸੰਦ ਕਰਦਾ ਹਾਂ ਪਰ ਕੋਵਿਡ ਨੇ ਸਾਡੇ ਸਬੰਧਾਂ ਵਿੱਚ ਤਣਾਅ ਪੈਦਾ ਕੀਤਾ। ਉਮੀਦ ਹੈ, ਚੀਜ਼ਾਂ ਬਿਹਤਰ ਹੋਣਗੀਆਂ ਅਤੇ ਉਮੀਦ ਹੈ, ਯੂਕਰੇਨ ਜੰਗ ਨੂੰ ਰੋਕਣ ਵਿੱਚ ਚੀਨ ਮਦਦ ਕਰੇਗਾ। ਮੈਂ ਮਿਲ ਕੇ ਕੰਮ ਕਰਨ ਦੀ ਉਮੀਦ ਕਰ ਰਿਹਾ ਹਾਂ।’’ -ਪੀਟੀਆਈ