ਕੀ ਉਸ ਨੇ ਕਤਲ ਕੀਤਾ ਹੈ?...ਸੁਪਰੀਮ ਕੋਰਟ ਵੱਲੋਂ ਪੂਜਾ ਖੇੜਕਰ ਨੂੰ ਜ਼ਮਾਨਤ
ਨਵੀਂ ਦਿੱਲੀ, 21 ਮਈ
ਸੁਪਰੀਮ ਕੋਰਟ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਸਾਬਕਾ ਪ੍ਰੋਬੇਸ਼ਨਰ ਪੂਜਾ ਖੇੜਕਰ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਖੇੜਕਰ ’ਤੇ
ਸਿਵਲ ਸੇਵਾਵਾਂ ਪ੍ਰੀਖਿਆ ਵਿਚ ਧੋਖਾਧੜੀ, ਹੋਰਨਾਂ ਪੱਛੜੇ ਵਰਗਾਂ ਤੇ ਵਿਕਲਾਂਗਤਾ ਕੋਟੇ ਤਹਿਤ ਗ਼ਲਤ ਤਰੀਕੇ ਨਾਲ ਲਾਭ ਲੈਣ ਦਾ ਦੋਸ਼ ਹੈ। ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਖੇੜਕਰ ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ।
ਬੈਂਚ ਨੇ ਜ਼ੁਬਾਨੀ ਕਲਾਮੀ ਕਿਹਾ, ‘‘ਉਸ ਨੇ ਕਿਹੜਾ ਗੰਭੀਰ ਅਪਰਾਧ ਕੀਤਾ ਹੈ? ਉਹ ਡਰੱਗ ਮਾਫੀਆ ਜਾਂ ਅਤਿਵਾਦੀ ਨਹੀਂ ਹੈ। ਉਸ ਨੇ 302 (ਕਤਲ) ਨਹੀਂ ਕੀਤਾ ਹੈ। ਉਹ ਐੱਨਡੀਪੀਐੱਸ (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸ) ਤਹਿਤ ਅਪਰਾਧੀ ਨਹੀਂ ਹੈ। ਤੁਹਾਡੇ ਕੋਲ ਕੋਈ ਸਿਸਟਮ ਜਾਂ ਸਾਫਟਵੇਅਰ ਹੋਣਾ ਚਾਹੀਦਾ ਹੈ। ਤੁਸੀਂ ਜਾਂਚ ਪੂਰੀ ਕਰੋ। ਉਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਹੈ ਅਤੇ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੇਗੀ।’’
ਬੈਂਚ ਨੇ ਕਿਹਾ, ‘‘ਕੇਸ ਦੇ ਤੱਥਾਂ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਇੱਕ ਢੁਕਵਾਂ ਮਾਮਲਾ ਹੈ ਜਿੱਥੇ ਦਿੱਲੀ ਹਾਈ ਕੋਰਟ ਨੂੰ ਪਟੀਸ਼ਨਰ ਨੂੰ ਜ਼ਮਾਨਤ ਦੇਣੀ ਚਾਹੀਦੀ ਹੈ।’’
ਉਧਰ ਦਿੱਲੀ ਪੁਲੀਸ ਵੱਲੋਂ ਪੇਸ਼ ਵਕੀਲ ਨੇ ਪੇਸ਼ਗੀ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਖੇੜਕਰ ਜਾਂਚ ਵਿਚ ਸਹਿਯੋਗ ਤੋਂ ਇਨਕਾਰੀ ਹੈ ਤੇ ਉਸ ਖਿਲਾਫ਼ ਲੱਗੇ ਦੋਸ਼ ਗੰਭੀਰ ਹਨ। ਖੇੜਕਰ ’ਤੇ 2022 ਦੀ ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਮੌਕੇ ਰਾਖਵਾਂਕਰਨ ਲਾਭ ਪ੍ਰਾਪਤ ਕਰਨ ਲਈ ਆਪਣੀ ਅਰਜ਼ੀ ਵਿੱਚ ਗਲਤ ਜਾਣਕਾਰੀ ਪੇਸ਼ ਕਰਨ ਦਾ ਦੋਸ਼ ਹੈ। ਉਸ ਨੇ ਹਾਲਾਂਕਿ ਆਪਣੇ ਖਿਲਾਫ਼ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ। -ਪੀਟੀਆਈ