Deported Indians from US: ਅਮਰੀਕਾ ਤੋਂ ਡਿਪੋਰਟ ਕੀਤੇ 33 ਗੁਜਰਾਤੀ ਪਰਵਾਸੀ ਅਹਿਮਦਾਬਾਦ ਪਹੁੰਚੇ
Deported Indians from US
ਅਹਿਮਦਾਬਾਦ, 06 ਫਰਵਰੀ
ਗੈਰ-ਕਾਨੂੰਨੀ ਇਮੀਗ੍ਰੇਸ਼ਨ ਲਈ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚ ਆਏ 33 ਗੁਜਰਾਤੀ ਪਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਵੀਰਵਾਰ ਸਵੇਰੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਪਹੁੰਚਿਆ। ਜੀ ਡਿਵੀਜ਼ਨ ਦੇ ਸਹਾਇਕ ਪੁਲੀਸ ਕਮਿਸ਼ਨਰ ਆਰਡੀ ਓਜ਼ਾ ਨੇ ਦੱਸਿਆ ਕਿ ਪਹੁੰਚਣ ਤੋਂ ਤੁਰੰਤ ਬਾਅਦ ਕੁਝ ਬੱਚਿਆਂ ਅਤੇ ਔਰਤਾਂ ਸਮੇਤ 33 ਪ੍ਰਵਾਸੀਆਂ ਨੂੰ ਪੁਲੀਸ ਵਾਹਨਾਂ ਰਾਹੀਂ ਗੁਜਰਾਤ ਵਿੱਚ ਉਨ੍ਹਾਂ ਦੀਆਂ ਰਿਹਾਇਸ਼ਾਂ ’ਤੇ ਪਹੁੰਚਾਇਆ ਗਿਆ।
ਜਦੋਂ ਪੱਤਰਕਾਰਾਂ ਨੇ ਡਿਪੋਰਟ ਕੀਤੇ ਪ੍ਰਵਾਸੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਦੀਆਂ ਗੱਡੀਆਂ ਵਿੱਚ ਆਪਣੇ ਜੱਦੀ ਸਥਾਨਾਂ ਵੱਲ ਰਵਾਨਾ ਹੋ ਗਏ।
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੇਹਸਾਣਾ, ਗਾਂਧੀਨਗਰ, ਪਾਟਨ, ਵਡੋਦਰਾ ਅਤੇ ਖੇੜਾ ਜ਼ਿਲ੍ਹਿਆਂ ਦੇ ਹਨ। ਬੀਤੇ ਦਿਨ 104 ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ ਸੀ। ਗੁਜਰਾਤ ਤੋਂ ਆਏ ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ੀ ਧਰਤੀ 'ਤੇ ਕਿਵੇਂ ਪਹੁੰਚੇ।