Deportation ਗ਼ੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਦਾ ਅਮਲ ਕੋਈ ਨਵਾਂ ਨਹੀਂ: ਜੈਸ਼ੰਕਰ
ਨਵੀਂ ਦਿੱਲੀ, 6 ਫਰਵਰੀ
ਅਮਰੀਕਾ ਤੋਂ ਡਿਪੋਰਟ ਕੀਤੇ 104 ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਲਾਉਣ ਲਈ ਹੋ ਰਹੀ ਨੁਕਤਾਚੀਨੀ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਦਾ ਅਮਲ ਕੋਈ ਨਵਾਂ ਨਹੀਂ ਤੇ ਇਹ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਜੈਸ਼ੰਕਰ ਨੇ ਕਿਹਾ ਕਿ 2009 ਤੋਂ ਹੁਣ ਤੱਕ ਕੁੱਲ 15,756 ਗ਼ੈਰਕਾਨੂੰਨੀ ਭਾਰਤੀਆਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ।
ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿਚ ਦਿੱਤੇ ਇਕ ਬਿਆਨ ਵਿਚ ਵਿਦੇਸ਼ ਮੰਤਰੀ ਨੇ ਕਾਨੂੰਨ ਅਥਾਰਿਟੀਜ਼ ਕੋਲ ਮੌਜੂਦ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ 2009 ਵਿਚ 734, 2010 ’ਚ 799, 2011 ਵਿਚ 597, 2012 ਵਿਚ 530 ਤੇ 2013 ਵਿਚ 550 ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ 2014 ਵਿਚ ਐੱਨਡੀਏ ਸਰਕਾਰ ਸੱਤਾ ਵਿਚ ਆਈ ਤਾਂ 591 ਵਿਅਕਤੀ ਡਿਪੋਰਟ ਕੀਤੇ ਗਏ। ਇਸ ਤੋਂ ਬਾਅਦ ਵਾਲੇ ਸਾਲਾਂ ਵਿਚ 2015 ’ਚ 708, 2016 ਵਿਚ 1303, 2017 ਵਿਚ 1024 ਅਤੇ 2018 ਵਿਚ 1180 ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵਾਪਸ ਭੇਜਿਆ ਗਿਆ।
ਜੈਸ਼ੰਕਰ ਨੇ ਕਿਹਾ ਕਿ ਸਾਲ 2019 ਵਿਚ 2042 ਗੈਰਕਾਨੂੰਨੀ ਭਾਰਤੀ ਪਰਵਾਸੀ ਡਿਪੋਰਟ ਕੀਤੇ ਗਏ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸਾਲ 2020 ਵਿਚ 1889, 2021 ’ਚ 805, 2022 ਵਿਚ 862, 2023 ’ਚ 670 ਤੇ ਪਿਛਲੇ ਸਾਲ 1368 ਤੇ ਇਸ ਸਾਲ ਹੁਣ ਤੱਕ 104 ਗੈਰਕਾਨੂੰਨੀ ਪਰਵਾਸੀ ਡਿਪੋਰਟ ਕੀਤੇ ਜਾ ਚੁੱਕੇ ਹਨ।
ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀਆਂ ਨੂੰ ਵਾਪਸ ਭੇਜਣ ਦੇ ਅਮਲ ਨੂੰ ਇਮੀਗ੍ਰੇਸ਼ਨ ਤੇ ਕਸਟਮਜ਼ ਐੱਨਫੋਰਸਮੈਂਟ (ਆਈਸ) ਅਥਾਰਿਟੀਜ਼ ਵੱਲੋਂ ਪੂਰਾ ਕੀਤਾ ਜਾਂਦਾ ਹੈ ਅਤੇ ਆਈਸ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਜਹਾਜ਼ ਰਾਹੀਂ ਡਿਪੋਰਟ ਕਰਨ ਦਾ ਅਮਲ 2012 ਤੋਂ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਹਿਲਾਵਾਂ ਤੇ ਬੱਚਿਆਂ ਨੂੰ ਹੱਥਕੜੀਆਂ ਜਾਂ ਬੇੜੀਆਂ ਤੋਂ ਛੋਟ ਰਹਿੰਦੀ ਹੈ।
ਉਨ੍ਹਾਂ ਸਦਨ ਨੂੰ ਦੱਸਿਆ ਕਿ ਡਿਪੋਰਟੀਜ਼ ਨੂੰ ਵਾਪਸ ਭੇਜਣ ਮੌਕੇ ਉਨ੍ਹਾਂ ਦੇ ਖਾਣ ਪੀਣ ਤੇ ਹੋਰ ਲੋੜਾਂ ਸਣੇ ਸੰਭਾਵੀ ਮੈਡੀਕਲ ਐਮਰਜੈਂਸੀ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਖਾਨੇ ਜਾਣ ਮੌਕੇ ਲੋੜ ਪੈਣ ’ਤੇ ਗੈਰਕਾਨੂੰਨੀ ਪਰਵਾਸੀਆਂ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਚਾਰਟਰਡ ਗੈਰਫੌਜੀ ਜਹਾਜ਼ ਤੇ ਫੌਜੀ ਜਹਾਜ਼ ਵਿਚ ਇਹ ਸਾਰੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। -ਪੀਟੀਆਈ