Delhi: Eligible Women To Get Rs 2,500 Per Month: ਦਿੱਲੀ ਵਿੱਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ
ਨਵੀਂ ਦਿੱਲੀ, 8 ਮਾਰਚ
BJP Keeps Key Delhi Poll Promise: ਦਿੱਲੀ ਸਰਕਾਰ ਨੇ ਕੌਮਾਂਤਰੀ ਮਹਿਲ ਦਿਵਸ ਮੌਕੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਮਹਿਲਾ ਸਮਰਿਧੀ ਯੋਜਨਾ ਜਾਰੀ ਕਰ ਦਿੱਤੀ ਹੈ। ਇਸ ਤਹਿਤ ਦਿੱਲੀ ਵਿਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਮਹੀਨੇ ਮਿਲਣਗੇ। ਇਹ ਐਲਾਨ ਭਾਜਪਾ ਦੇ ਪ੍ਰਧਾਨ ਜੇ ਪੀ ਨੱਡਾ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਇਕ ਸਮਾਗਮ ਦੌਰਾਨ ਕੀਤਾ। ਇਸ ਤੋਂ ਪਹਿਲਾਂ ਦਿੱਲੀ ਕੈਬਨਿਟ ਦੀ ਸਵੇਰ ਵੇਲੇ ਹੋਈ ਮੀਟਿੰਗ ਵਿਚ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। ਜਾਣਕਾਰੀ ਅਨੁਸਾਰ ਦਿੱਲੀ ਵਿਚ ਮਹਿਲਾ ਵੋਟਰਾਂ ਦੀ ਗਿਣਤੀ 72 ਲੱਖ ਹੈ।
ਇਹ ਕਿਆਸ ਲਾਏ ਜਾ ਰਹੇ ਹਨ ਕਿ ਇਸ ਯੋਜਨਾ ਦਾ 20 ਲੱਖ ਔਰਤਾਂ ਨੂੰ ਫਾਇਦਾ ਹੋਵੇਗਾ। ਇਸ ਯੋਜਨਾ ਤਹਿਤ ਹਰ ਉਸ ਔਰਤ ਨੂੰ 2500 ਰੁਪਏ ਪ੍ਰਤੀ ਮਹੀਨਾ ਮਿਲਣਗੇ ਜਿਸ ਦੀ ਆਮਦਨ ਤਿੰਨ ਲੱਖ ਤੋਂ ਜ਼ਿਆਦਾ ਨਾ ਹੋਵੇ ਤੇ ਪਰਿਵਾਰ ਇਨਕਮ ਟੈਕਸ ਨਾ ਭਰਦਾ ਹੋਵੇ, ਔਰਤ ਦੀ ਉਮਰ 18 ਤੋਂ 60 ਸਾਲ ਦਰਮਿਆਨ ਹੋਵੇ ਤੇ ਉਹ ਸਰਕਾਰੀ ਅਹੁਦੇ ’ਤੇ ਨਾ ਹੋਵੇ। ਇਸ ਯੋਜਨਾ ਦਾ ਫਾਇਦਾ ਲੈਣ ਲਈ ਈ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਇਸ ਰਜਿਸਟਰੇਸ਼ਨ ਲਈ ਪੋਰਟਲ ਤੇ ਮੋਬਾਈਲ ਐਪ ਜਲਦੀ ਹੀ ਜਾਰੀ ਕੀਤਾ ਜਾਵੇਗਾ। ਔਰਤਾਂ ਇਸ ਯੋਜਨਾ ਦਾ ਫਾਇਦਾ ਲੈਣ ਲਈ ਵੋਟਰ ਕਾਰਡ, ਆਧਾਰ ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੀਆਂ ਹਨ।
ਸ੍ਰੀ ਨੱਡਾ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਯੋਜਨਾ ਲਈ 5100 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੇ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਉਲਟ ਭਾਜਪਾ ਨੇ ਚੋਣ ਵਾਅਦਾ ਕਰਦਿਆਂ ਕਿਹਾ ਸੀ ਕਿ ਦਿੱਲੀ ਵਿਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਇਸ ਚੋਣ ਐਲਾਨ ਦਾ ਭਾਜਪਾ ਨੂੰ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਵੀ ਫਾਇਦਾ ਹੋਇਆ ਤੇ ਭਾਜਪਾ ਨੇ 70 ਵਿਧਾਨ ਸਭਾ ਸੀਟਾਂ ਵਿਚੋਂ 48 ਸੀਟਾਂ ਜਿੱਤੀਆਂ। ਇਸ ਜਿੱਤ ਨਾਲ ਭਾਜਪਾ ਦੀ ਦਿੱਲੀ ਦੀ ਸੱਤਾ ਵਿਚ 26 ਸਾਲ ਬਾਅਦ ਵਾਪਸੀ ਹੋਈ ਸੀ ਜਦਕਿ ਭਾਜਪਾ ਇਸ ਵਾਰ ਸਿਰਫ 22 ਸੀਟਾਂ ’ਤੇ ਸਿਮਟ ਕੇ ਰਹਿ ਗਈ।