ਦਿੱਲੀ ਦੇ ਆਟੋ ਪਾਰਟਸ ਵਪਾਰੀਆਂ ਨੇ Bangladesh ਨਾਲ ਕਾਰੋਬਾਰ ਦਾ ਬਾਈਕਾਟ ਕੀਤਾ
Delhi: Auto parts traders boycott business with Bangladesh
ਨਵੀਂ ਦਿੱਲੀ, 25 ਦਸੰਬਰ
ਬੰਗਲਾਦੇਸ਼ ਵਿੱਚ ਚੱਲ ਰਹੇ ਤਣਾਅ ਅਤੇ ਘੱਟ ਗਿਣਤੀਆਂ ’ਤੇ ਕਥਿਤ ਹਮਲਿਆਂ ਦੇ ਵਿਰੋਧ ਵਿਚ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਆਟੋ ਪਾਰਟਸ ਦੇ ਵਪਾਰੀਆਂ ਨੇ ਗੁਆਂਢੀ ਦੇਸ਼ ਨਾਲ ਵਪਾਰ ਰੋਕਣ ਦਾ ਫੈਸਲਾ ਕੀਤਾ ਹੈ। ਇਹ ਕਦਮ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾਂ ’ਤੇ ਹਮਲਿਆਂ ਦੀਆਂ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ।
ਆਟੋਮੋਟਿਵ ਪਾਰਟਸ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵਿਨੈ ਨਾਰੰਗ ਨੇ ਕਿਹਾ ਕਿ ਕਸ਼ਮੀਰੀ ਗੇਟ ਆਟੋ ਪਾਰਟਸ ਮਾਰਕੀਟ ਨੇ ਹਿੰਦੂਆਂ ਵਿਰੁੱਧ ਕਥਿਤ ਅੱਤਿਆਚਾਰਾਂ ਅਤੇ ਮੰਦਰਾਂ ’ਤੇ ਹਾਲ ਹੀ ਦੇ ਹਮਲਿਆਂ ਦੇ ਜਵਾਬ ਵਿੱਚ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ‘‘ਉਥੇ (ਬੰਗਲਾਦੇਸ਼) ਹਿੰਦੂਆਂ 'ਤੇ ਅੱਤਿਆਚਾਰ ਹੋਏ ਹਨ, ਸਾਡੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਸਾਡੇ ਬਹੁਤ ਸਾਰੇ ਹਿੰਦੂ ਭਰਾਵਾਂ ਨੂੰ ਉੱਥੇ ਮਾਰ ਦਿੱਤਾ ਗਿਆ ਹੈ। ਇਹ ਗਲਤ ਸੀ... ਸਾਡੀ ਮਾਰਕੀਟ (ਕਸ਼ਮੀਰੇ ਗੇਟ ਆਟੋ ਪਾਰਟਸ ਮਾਰਕੀਟ) ਨੇ ਫੈਸਲਾ ਕੀਤਾ ਹੈ ਕਿ ਅਸੀਂ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਾਂਗੇ।”
ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ 15 ਜਨਵਰੀ ਤੱਕ ਗੱਡੀਆਂ ਦੇ ਪਾਰਟਸ ਦੀ ਬਰਾਮਦ ਨੂੰ ਰੋਕਣ ਦੇ ਫੈਸਲੇ ਨਾਲ ਉੱਥੇ ਆਵਾਜਾਈ ਠੱਪ ਹੋ ਜਾਵੇਗੀ। ਲੱਗਭੱਗ 2,000 ਦੁਕਾਨਾਂ ਨੇ ਬੰਗਲਾਦੇਸ਼ ਨੂੰ ਆਪਣਾ ਨਿਰਯਾਤ ਰੋਕ ਦਿੱਤਾ ਹੈ। -ਏਐੱਨਆਈ