ਰੂਸ ਨੇ ਯੂਕਰੇਨ ਦੇ ਊਰਜਾ ਪਲਾਂਟਾਂ ’ਤੇ ਸੈਂਕੜੇ ਡਰੋਨਾਂ ਅਤੇ ਦਰਜਨਾਂ ਮਿਜ਼ਾਇਲਾਂ ਨਾਲ ਹਮਲਾ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵ੍ਹਾਈਟ ਹਾਊਸ ਵਿੱਚ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਕੋਲੋਂ ਹੋਰ ਵਧੇਰੇ ਅਮਰੀਕੀ ਹਵਾਈ ਰੱਖਿਆ ਪ੍ਰਣਾਲੀ ਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਦੀ ਮੰਗ ਕਰਨ ਦੀ ਤਿਆਰੀ ਕਰ ਰਹੇ ਹਨ।
ਯੂਕਰੇਨ ਦੀ ਕੌਮੀ ਊਰਜਾ ਅਪਰੇਟਰ ਕੰਪਨੀ ਯੂਕਰੇਨੈਰਗੋ ਨੇ ਦੱਸਿਆ ਕਿ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਅੱਠ ਯੂਕਰੇਨੀ ਖੇਤਰਾਂ ਵਿੱਚ ਬਿਜਲੀ ਕੱਟਣੀ ਪਈ। ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਊਰਜਾ ਕੰਪਨੀ ਡੀ ਟੀ ਈ ਕੇ ਨੇ ਰਾਜਧਾਨੀ ਕੀਵ ਵਿੱਚ ਬਿਜਲੀ ਬੰਦ ਹੋਣ ਬਾਰੇ ਸੂਚਨਾ ਦਿੱਤੀ ਅਤੇ ਕਿਹਾ ਕਿ ਹਮਲਿਆਂ ਕਾਰਨ ਉਸ ਨੂੰ ਮੱਧ ਪੋਲਟਾਵਾ ਖੇਤਰ ਵਿੱਚ ਕੁਦਰਤੀ ਗੈਸ ਕੱਢਣ ਦਾ ਕੰਮ ਰੋਕਣਾ ਪਿਆ। ਉਨ੍ਹਾਂ ਕਿਹਾ ਕਿ ਰੂਸ ਨੇ ਰਾਤ ਭਰ ਵਿੱਚ ਯੂਕਰੇਨ ’ਤੇ 300 ਤੋਂ ਜ਼ਿਆਦਾ ਡਰੋਨ ਤੇ 37 ਮਿਜ਼ਾਇਲਾਂ ਦਾਗੀਆਂ। ਉਨ੍ਹਾਂ ਰੂਸ ’ਤੇ ਕਲੱਸਟਰ ਹਥਿਆਰਾਂ ਦਾ ਇਸਤੇਮਾਲ ਕਰਨ ਅਤੇ ਗਰਿੱਡ ਦੀ ਮੁਰੰਮਤ ਵਿੱਚ ਲੱਗੇ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮਾਂ ਤੇ ਇੰਜਨੀਅਰਾਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਹੀ ਜਗ੍ਹਾ ’ਤੇ ਵਾਰ-ਵਾਰ ਹਮਲੇ ਕਰਨ ਦਾ ਦੋਸ਼ ਲਗਾਇਆ।
ਸ੍ਰੀ ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਕਿਹਾ, ‘‘ਇਸ ਮੌਸਮ ਵਿੱਚ ਰੂਸੀ ਹਰ ਰੋਜ਼ ਸਾਡੇ ਊਰਜਾ ਪਲਾਂਟਾਂ ’ਤੇ ਹਮਲੇ ਕਰ ਰਹੇ ਹਨ।’’ ਸ਼ੁੱਕਰਵਾਰ ਨੂੰ ਓਵਲ ਆਫ਼ਿਸ ਵਿੱਚ ਟਰੰਪ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਜ਼ੇਲੈਂਸਕੀ ਦੇ ਅੱਜ ਅਮਰੀਕਾ ਪਹੁੰਚਣ ਦੀ ਆਸ ਹੈ।