ਹਿੰਸਾ ਤੋਂ ਛੇ ਦਿਨਾਂ ਮਗਰੋਂ ਨਾਗਪੁਰ ਵਿੱਚ ਪੂਰੀ ਤਰ੍ਹਾਂ ਕਰਫਿਊ ਹਟਾਇਆ
ਨਾਗਪੁਰ, 23 ਮਾਰਚ
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਛੇ ਦਿਨ ਪਹਿਲਾਂ ਹੋਈ ਹਿੰਸਾ ਮਗਰੋਂ ਅੱਜ ਸ਼ਹਿਰ ਦੇ ਬਾਕੀ ਚਾਰ ਇਲਾਕਿਆਂ ਤੋਂ ਕਰਫਿਊ ਹਟਾ ਲਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਬੀਤੀ 17 ਮਾਰਚ ਨੂੰ ਹਿੰਸਾ ਮਗਰੋਂ ਕੋਤਵਾਲੀ, ਗਣੇਸ਼ਪੇਠ, ਤਹਿਸੀਲ, ਲੱਕੜਗੰਜ, ਪਚਪਾਓਲੀ, ਸ਼ਾਂਤੀ ਨਗਰ, ਸੱਕਰਦਰਾ, ਨੰਦਨਵਨ, ਇਮਾਮਬਾੜਾ, ਯਸ਼ੋਧਰਾ ਨਗਰ ਅਤੇ ਕਪਿਲ ਨਗਰ ਥਾਣਾ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ।
ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿੱਚ ਸਥਿਤ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਲਈ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਅਤੇ ਬਜਰੰਗ ਦਲ ਦੀ ਅਗਵਾਈ ਹਠ ਹੋਏ ਪ੍ਰਦਰਸ਼ਨ ਦੌਰਾਨ ਪਵਿੱਤਰ ਆਇਤ ਲਿਖੀ ਚਾਦਰ ਨੂੰ ਅੱਗ ਲਾਏ ਜਾਣ ਦੀਆਂ ਅਫਵਾਹਾਂ ਮਗਰੋਂ ਨਾਗਪੁਰ ਦੇ ਕਈ ਇਲਾਕਿਆਂ ਵਿੱਚ ਹਿੰਸਾ ਭੜਕ ਗਈ ਸੀ। ਇਸ ਹਿੰਸਾ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਵੱਡੇ ਪੱਧਰ ’ਤੇ ਪੱਥਰਬਾਜ਼ੀ ਅਤੇ ਅੱਗਜ਼ਨੀ ਹੋਈ, ਜਿਸ ਵਿੱਚ ਪੁਲੀਸ ਡਿਪਟੀ ਕਮਿਸ਼ਨਰ ਪੱਧਰ ਦੇ ਤਿੰਨ ਅਧਿਕਾਰੀਆਂ ਸਮੇਤ 33 ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਇਸ ਸਬੰਧੀ ਕੁੱਲ ਗਿਣਤੀ 112 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 20 ਮਾਰਚ ਨੂੰ ਨੰਦਨਵਨ ਅਤੇ ਕਪਿਲ ਨਗਰ ਥਾਣਾ ਖੇਤਰਾਂ ਤੋਂ ਅਤੇ 22 ਮਾਰਚ ਨੂੰ ਪਚਪਾਓਲੀ, ਸ਼ਾਂਤੀ ਨਗਰ, ਲੱਕੜਗੰਜ, ਸੱਕਰਦਾਰਾ ਅਤੇ ਇਮਾਮਬਾੜਾ ਖੇਤਰਾਂ ਤੋਂ ਕਰਫਿਊ ਹਟਾ ਲਿਆ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ’ਚ ਪੁਲੀਸ ਦੀ ਤਾਇਨਾਤੀ ਨਾਲ ਗਸ਼ਤ ਜਾਰੀ ਰਹੇਗੀ। -ਪੀਟੀਆਈ
ਨਾਗਪੁਰ ਹਿੰਸਾ ਦਾ ਸਬੰਧ ਬੰਗਲਾਦੇਸ਼ ਨਾਲ: ਨਿਰੂਪਮ
ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਨਿਰੂਪਮ ਨੇ ਅੱਜ ਦਾਅਵਾ ਕੀਤਾ ਕਿ ਨਾਗਪੁਰ ਹਿੰਸਾ ਪਿੱਛੇ ਬੰਗਲਾਦੇਸ਼ ਨਾਲ ਸਬੰਧਤ ਲੋਕਾਂ ਦਾ ਹੱਥ ਹੈ। ਨਿਰੂਪਮ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਹਿੰਸਾ ਯੋਜਨਾਬੱਧ ਸੀ ਅਤੇ ਇਹ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਨਿਰੂਪਮ ਨੇ ਦੋਸ਼ ਲਾਇਆ ਕਿ ਹਿੰਸਾ ਮਾਮਲੇ ’ਚ ਗ੍ਰਿਫ਼ਤਾਰ ਵਿਅਕਤੀਆਂ ਵਿੱਚੋਂ ਇੱਕ ‘ਮੁਜਾਹਿਦੀਨ ਗਤੀਵਿਧੀਆਂ’ ਲਈ ਫੰਡ ਇਕੱਠਾ ਕਰਨ ਵਾਸਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਸੀ। ਨਿਰੂਪਮ ਨੇ ਅਜਿਹੀਆਂ ਜਥੇਬੰਦੀਆਂ ਨਾਲ ਸ਼ਿਵ ਸੈਨਾ (ਯੂਬੀਟੀ) ਦੇ ਕਥਿਤ ਗੱਠਜੋੜ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਕੀ ਸ਼ਿਵ ਸੈਨਾ (ਯੂਬੀਟੀ) ਮੁਜਾਹਿਦੀਨ ਨਾਲ ਜੁੜ ਰਹੀ ਹੈ? ਕੀ ਠਾਕਰੇ ਅਤੇ (ਸੰਜੈ) ਰਾਊਤ ਉਸ ਦਾ ਸਮਰਥਨ ਕਰ ਰਹੇ ਹਨ?’’’ ਹਾਲਾਂਕਿ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕੀ ਨਾਗਪੁਰ ਹਿੰਸਾ ਦਾ ਵਿਦੇਸ਼ ਜਾਂ ਬੰਗਲਾਦੇਸ਼ ਨਾਲ ਕੋਈ ਸਬੰਧ ਹੈ। -ਪੀਟੀਆਈ