Col Sophiya Qureshi ਟਿੱਪਣੀ ਮਾਮਲਾ: ਸੁਪਰੀਮ ਕੋਰਟ ਵੱਲੋਂ ਮੱਧ ਪ੍ਰਦੇਸ਼ ਦੇ ਮੰਤਰੀ ਦੀ ਖਿਚਾਈ, ਕਿਹਾ ਤੁਸੀਂ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ
ਨਵੀਂ ਦਿੱਲੀ, 19 ਮਈ
ਸੁਪਰੀਮ ਕੋਰਟ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ‘ਅਪਮਾਨਜਨਕ’ ਟਿੱਪਣੀਆਂ ਲਈ ਮੱਧ ਪ੍ਰਦੇਸ਼ ਦੇ ਮੰਤਰੀ ਵਿਜੈ ਸ਼ਾਹ ਦੀ ਜਮ ਕੇ ਖਿਚਾਈ ਕੀਤੀ ਹੈ। ਇਸ ਦੇ ਨਾਲ ਹੀ ਸਰਬਉੱਚ ਕੋਰਟ ਨੇ ਸ਼ਾਹ ਖਿਲਾਫ਼ ਦਰਜ ਐੱਫਆਈਆਰ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐੱਨ.ਕੋਟਿਸ਼ਵਰ ਸਿੰਘ ਦੇ ਬੈਂਚ ਨੇ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਉਸ ਦੀਆਂ ਉਹ ਵੀਡੀਓਜ਼ ਦੇਖੀਆਂ ਹਨ, ਜਿਸ ਵਿਚ ਉਸ ਨੇ ਟਿੱਪਣੀਆਂ ਕੀਤੀਆਂ ਤੇ ਮਗਰੋਂ ਮੁਆਫ਼ੀ ਵੀ ਮੰਗੀ। ਬੈਂਚ ਨੇ ਹੈਰਾਨੀ ਜਤਾਈ ਕਿ ‘ਕੀ ਇਹ ਮਗਰਮੱਛ ਦੇ ਹੰਝੂ ਸੀ ਜਾਂ ਫਿਰ ਕਾਨੂੰਨੀ ਕਾਰਵਾਈ ਤੋਂ ਬਚਣ ਦਾ ਯਤਨ ਸੀ।’’ ਜਸਟਿਸ ਸੂਰਿਆ ਕਾਂਤ ਨੇ ਕਿਹਾ, ‘‘ਇਨ੍ਹਾਂ ਟਿੱਪਣੀਆਂ ਕਰਕੇ ਪੂਰਾ ਦੇਸ਼ ਸ਼ਰਮਸਾਰ ਸੀ...ਅਸੀਂ ਤੁਹਾਡੇ ਵੀਡੀਓਜ਼ ਦੇਖ਼ੇ ਹਨ, ਤੁਸੀਂ ਬਹੁਤ ਹੀ ਮੰਦੀ ਭਾਸ਼ਾ ਵਰਤਣ ਦੇ ਕੰਢੇ ਸੀ ਪਰ ਕਿਸੇ ਤਰ੍ਹਾਂ ਬਿਹਤਰ ਸਮਝ ਆ ਗਈ ਜਾਂ ਤੁਹਾਨੂੰ ਢੁਕਵੇਂ ਸ਼ਬਦ ਨਹੀਂ ਮਿਲੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਪੂਰਾ ਦੇਸ਼ ਸਾਡੀ ਫੌਜ ’ਤੇ ਮਾਣ ਕਰਦਾ ਹੈ ਅਤੇ ਤੁਸੀਂ ਇਹ ਬਿਆਨ ਦਿੱਤਾ ਹੈ।’’
ਬੈਂਚ ਨੇ ਮੰਤਰੀ ਨੂੰ ਕਿਹਾ, ‘‘ਇਹ ਕਿਸ ਤਰ੍ਹਾਂ ਦੀ ਮੁਆਫ਼ੀ ਸੀ? ਤੁਹਾਨੂੰ ਆਪਣੀ ਗਲਤੀ ਮੰਨ ਕੇ ਮੁਆਫ਼ੀ ਮੰਗਣੀ ਚਾਹੀਦੀ ਸੀ ਪਰ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਇਹ ਅਤੇ ਉਹ ਕਿਹਾ ਹੈ... ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਇਹ ਮੁਆਫ਼ੀ ਮੰਗਣ ਦਾ ਤਰੀਕਾ ਨਹੀਂ ਹੈ। ਤੁਸੀਂ ਜਿਸ ਤਰ੍ਹਾਂ ਦੀਆਂ ਘਟੀਆ ਟਿੱਪਣੀਆਂ ਕੀਤੀਆਂ ਹਨ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’’ ਸ਼ਾਹ ਵੱਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਤੇ ਵਿਭਾ ਦੱਤਾ ਮਖੀਜਾ ਪੇਸ਼ ਹੋਏ ਸਨ।
ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਡੀਜੀਪੀ ਨੂੰ ਮੰਗਲਵਾਰ ਸਵੇਰੇ 10 ਵਜੇ ਤੱਕ ਆਈਜੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਮੁਤਾਬਕ ‘ਸਿਟ’ ਵਿਚ ਇਕ ਮਹਿਲਾ ਅਧਿਕਾਰੀ ਨੂੰ ਵੀ ਸ਼ਾਮਲ ਕਰਨਾ ਹੋਵੇਗਾ। ਇਹ ਟੀਮ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ’ਤੇ ਦਰਜ ਐੱਫਆਈਆਰ ਦੀ ਜਾਂਚ ਕਰੇਗੀ। ਬੈਂਚ ਨੇ ‘ਸਿਟ’ ਨੂੰ ਆਪਣੀ ਪਹਿਲੀ ਰਿਪੋਰਟ 28 ਮਈ ਤੱਕ ਦਾਖ਼ਲ ਕਰਨ ਲਈ ਕਿਹਾ ਹੈ। ਕੋਰਟ ਨੇ ਕਿਹਾ ਕਿ ਮੰਤਰੀ ਨੂੰ ਲੋਕ ਨੁਮਾਇੰਦਾ ਹੋਣ ਦੇ ਨਾਤੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਤੇ ’ਕੱਲਾ ਕੱਲਾ ਸ਼ਬਦ ਸੋਚ ਸਮਝ ਕੇ ਵਰਤਣਾ ਚਾਹੀਦਾ ਹੈ। -ਪੀਟੀਆਈ