ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਵਾਈ ਹਮਲਿਆਂ ਮਗਰੋਂ ਪਾਕਿਸਤਾਨ ਤੇ ਅਫ਼ਗਾਨ ਫੌਜਾਂ ਦਰਮਿਆਨ ਟਕਰਾਅ; ਸਰਹੱਦ ’ਤੇ ਭਾਰੀ ਗੋਲੀਬਾਰੀ; ਪਾਕਿ ਵੱਲੋਂ ਅਫ਼ਗਾਨ ਰਾਜਦੂਤ ਤਲਬ

ਅਫ਼ਗ਼ਾਨ ਸਲਾਮਤੀ ਦਸਤਿਆਂ ਵੱਲੋਂ ਜਵਾਬੀ ਹਮਲੇ, ਪਾਕਿ ਚੌਕੀਆਂ ਨੂੰ ਨਿਸ਼ਾਨਾ ਬਣਾਇਆ
ਫੋਟੋ: ਏਐੱਨਆਈ
Advertisement

ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ ਪਾਕਿ-ਅਫ਼ਗਾਨ ਸਰਹੱਦ ’ਤੇ ਕਈ ਥਾਵਾਂ ਉੱਤੇ ਗੋਲੀਬਾਰੀ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਫ਼ਗਾਨ ਫੌਜਾਂ ਵਿਚਕਾਰ ਝੜਪਾਂ ਹੋਈਆਂ ਹਨ। ਇਹ ਹਿੰਸਕ ਝੜਪਾਂ ਸ਼ਨਿੱਚਰਵਾਰ ਦੇਰ ਰਾਤ ਉਦੋਂ ਸ਼ੁਰੂ ਹੋਈਆਂ ਜਦੋਂ ਤਾਲਿਬਾਨ ਬਲਾਂ ਨੇ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ ’ਤੇ ਗੋਲੀਬਾਰੀ ਕੀਤੀ। ਉਧਰ ਅਫ਼ਗ਼ਾਨ ਹਥਿਆਰਬੰਦ ਬਲਾਂ ਨੇ ਵੀ ਜਵਾਬੀ ਕਾਰਵਾਈ ਵਜੋਂ ਸ਼ਨਿੱਚਰਵਾਰ ਰਾਤ ਨੂੰ ਡੁਰੰਡ ਲਾਈਨ ਦੇ ਨਾਲ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਰੱਖਿਆ ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਅਫ਼ਗ਼ਾਨ ਫੌਜਾਂ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਤੇ ਸਰਹੱਦਾਂ ਦੀ ਰੱਖਿਆ ਕਰਨ ਲਈ ਤਿਆਰ ਬਰ ਤਿਆਰ ਹਨ।

‘ਡਾਅਨ’ ਅਖ਼ਬਾਰ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, ‘‘ਤੇਜ਼ ​​ਅਤੇ ਸਖ਼ਤ ਜਵਾਬੀ ਕਾਰਵਾਈ ਵਿੱਚ, ਪਾਕਿਸਤਾਨੀ ਬਲਾਂ ਨੇ ਕਈ ਅਫ਼ਗਾਨ ਸਰਹੱਦੀ ਚੌਕੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ।’’ ਰਿਪੋਰਟ ਵਿਚ ਕਈ ਅਫ਼ਗਾਨ ਚੌਕੀਆਂ ਅਤੇ ਅਤਿਵਾਦੀ ਟਿਕਾਣਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ।

Advertisement

ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਗੋਲੀਬਾਰੀ ਦੌਰਾਨ ਕਈ ਮੁੱਖ ਚੌਕੀਆਂ ਜਿਨ੍ਹਾਂ ਵਿੱਚ ਅੰਗੂਰ ਅੱਡਾ, ਬਾਜੌਰ, ਕੁਰਮ, ਦੀਰ, ਖੈਬਰ-ਪਖਤੂਨਖਵਾ ਵਿੱਚ ਚਿਤਰਾਲ ਅਤੇ ਬਲੋਚਿਸਤਾਨ ਵਿੱਚ ਬਾਰਾਮਚਾ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ਮੁਤਾਬਕ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਗੋਲੀਬਾਰੀ ਦਾ ਮੁੱਖ ਮੰਤਵ ਖਵਾਰੀਜ (ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਲਈ ਰਾਜ ਦੁਆਰਾ ਨਿਰਧਾਰਤ ਸ਼ਬਦ) ਨੂੰ ਪਾਕਿਸਤਾਨੀ ਖੇਤਰ ਵਿੱਚ ਘੁਸਪੈਠ ਕਰਨ ਤੋਂ ਰੋਕਣਾ ਸੀ।

ਐਕਸਪ੍ਰੈਸ ਟ੍ਰਿਬਿਊਨ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਕਿਹਾ, ‘‘ਜਵਾਬੀ ਹਮਲਿਆਂ ਵਿੱਚ ਕਈ ਅਫ਼ਗਾਨ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਬਾਹ ਕਰ ਦਿੱਤਾ ਗਿਆ। ਇਸ ਦੌਰਾਨ ਦਰਜਨਾਂ ਅਫ਼ਗਾਨ ਫੌਜੀ ਅਤੇ ਖਵਾਰੀਜ ਮਾਰੇ ਗਏ।’’

ਤਾਲਿਬਾਨ ਸਰਹੱਦੀ ਬਲਾਂ ਨੇ ਕਿਹਾ ਕਿ ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਕਾਬੁਲ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਸਲਾਮਾਬਾਦ ’ਤੇ ਕਾਬੁਲ ’ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ।

ਡਾਅਨ ਦੀ ਰਿਪੋਰਟ ਅਨੁਸਾਰ ਅਫ਼ਗ਼ਾਨ ਫੌਜ ਨੇ ਇਕ ਬਿਆਨ ਵਿਚ ਕਿਹਾ, ‘‘ਪਾਕਿਸਤਾਨੀ ਫੌਜ ਦੇ ਹਵਾਈ ਹਮਲਿਆਂ ਦੇ ਜਵਾਬ ਵਿੱਚ, ਪੂਰਬ ਵਿੱਚ ਤਾਲਿਬਾਨ ਸਰਹੱਦੀ ਬਲ ਵੱਖ-ਵੱਖ ਸਰਹੱਦੀ ਖੇਤਰਾਂ ਵਿੱਚ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨਾਲ ਭਾਰੀ ਝੜਪਾਂ ਵਿੱਚ ਰੁੱਝੇ ਹੋਏ ਹਨ।’’ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ 'ਤੇ ਸਥਿਤ ਕੁਨਾਰ, ਨੰਗਰਹਾਰ, ਪਕਤਿਕਾ, ਖੋਸਤ ਅਤੇ ਹੇਲਮੰਡ ਸੂਬਿਆਂ ਵਿੱਚ ਤਾਲਿਬਾਨ ਅਧਿਕਾਰੀਆਂ ਨੇ ਝੜਪਾਂ ਦੀ ਪੁਸ਼ਟੀ ਕੀਤੀ ਹੈ।

ਇਸਲਾਮਾਬਾਦ ਨੇ ਹਮਲਿਆਂ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਕੀਤੀ, ਪਰ ਕਾਬੁਲ ਨੂੰ ਚੇਤਾਵਨੀ ਦਿੱਤੀ ਕਿ ਉਹ ‘ਆਪਣੀ ਧਰਤੀ ’ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੂੰ ਪਨਾਹ ਦੇਣਾ ਬੰਦ ਕਰੇ।’’

ਉਧਰ ਅਫ਼ਗਾਨ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਗਾਨ ਪ੍ਰਭੂਸੱਤਾ ਦੀ ਵਾਰ-ਵਾਰ ਉਲੰਘਣਾ ਅਤੇ ਹਾਲ ਹੀ ਵਿੱਚ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਜਵਾਬੀ ਕਾਰਵਾਈ ਵਜੋਂ ਅਫ਼ਗਾਨ ਹਥਿਆਰਬੰਦ ਬਲਾਂ ਨੇ ਸ਼ਨਿੱਚਰਵਾਰ ਰਾਤ ਨੂੰ ਡੁਰੰਡ ਲਾਈਨ ਦੇ ਨਾਲ ਪਾਕਿਸਤਾਨੀ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ।

ਮੰਤਰਾਲੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅੱਜ ਰਾਤੀਂ ਸਾਡੇ ਹਥਿਆਰਬੰਦ ਬਲਾਂ ਨੇ ਪਾਕਿਸਤਾਨੀ ਫੌਜ ਵੱਲੋਂ ਅਫ਼ਗ਼ਾਨਿਸਤਾਨ ਦੀ ਪ੍ਰਭੂਸੱਤਾ ਦੇ ਵਾਰ ਵਾਰ ਉਲੰਘਣ ਤੇ ਅਫ਼ਗ਼ਾਨਿਸਤਾਨ ਦੇ ਵੱਖ ਵੱਖ ਖੇਤਰਾਂ ਵਿਚ ਹਵਾਈ ਹਮਲਿਆਂ ਦੇ ਜਵਾਬ ਵਿਚ ਡੁਰੰਡ ਰੇਖਾ ਨਾਲ ਪਾਕਿਸਤਾਨੀ ਫੌਜ ਦੇ ਕੇਂਦਰਾਂ ਵਿਚ ਸਫ਼ਲ ਕਾਰਵਾਈ ਨੂੰ ਅੰਜਾਮ ਦਿੱਤਾ। ਇਹ ਅਪਰੇਸ਼ਨ ਅੱਧੀ ਰਾਤ ਦੇ ਨੇੜੇ ਤੇੜੇ ਖ਼ਤਮ ਹੋਇਆ।’’ ਰੱਖਿਆ ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਅਫ਼ਗ਼ਾਨ ਫੌਜਾਂ ਕਿਸੇ ਵੀ ਅਜਿਹੇ ਹਮਲੇ ਦਾ ਟਾਕਰਾ ਕਰਨ ਤੇ ਸਰਹੱਦਾਂ ਦੀ ਰੱਖਿਆ ਕਰਨ ਲਈ ਤਿਆਰ ਬਰ ਤਿਆਰ ਹਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਜਦੂਤ Zalmay Khalilzad ਨੇ ਕਾਬੁਲ ਵਿੱਚ ਪਾਕਿਸਤਾਨ ਦੇ ਕਥਿਤ ਹਮਲਿਆਂ ’ਤੇ ਫ਼ਿਕਰ ਜਤਾਉਂਦਿਆਂ ਇਸ ਨੂੰ ਇੱਕ ‘ਵੱਡਾ ਵਾਧਾ’ ਕਿਹਾ, ਜੋ ਇੱਕ ਹਾਲਾਤ ਨੂੰ ਹੋਰ ਖਤਰਨਾਕ ਬਣਾ ਸਕਦਾ ਹੈ। ਖਲੀਲਜ਼ਾਦ ਨੇ X ’ਤੇ ਇੱਕ ਪੋਸਟ ਵਿੱਚ ਇਸਲਾਮਾਬਾਦ ਅਤੇ ਕਾਬੁਲ ਦਰਮਿਆਨ ਸੰਵਾਦ ਦੀ ਮੰਗ ਕਰਦੇ ਹੋਏ ਕਿਹਾ ਕਿ ਫੌਜੀ ਟਕਰਾਅ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਡੁਰੰਡ ਲਾਈਨ ਦੇ ਦੋਵੇਂ ਪਾਸੇ ਅਤਿਵਾਦੀ ਦੀਆਂ ਛੁਪਣਗਾਹਾਂ ਨਾਲ ਨਜਿੱਠਣ ਲਈ ਕਾਬੁਲ ਅਤੇ ਇਸਲਾਮਾਬਾਦ ਵਿਚਕਾਰ ਗੱਲਬਾਤ ਹੋਣੀ ਚਾਹੀਦੀ ਹੈ।

ਡਾਅਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ 10 ਅਕਤੂਬਰ ਨੂੰ ਕੌਮੀ ਅਸੈਂਬਲੀ ਵਿਚ ਕਿਹਾ ਸੀ ਕਿ ਜੇਕਰ ਪਾਕਿਸਤਾਨ ਸਲਾਮਤੀ ਦਸਤਿਆਂ ’ਤੇ ਹਮਲਾ ਹੁੰਦਾ ਹੈ ਤਾਂ ਜਵਾਬੀ ਕਾਰਵਾਈ ਵਿਚ ‘ਵਧੇਰੇ ਨੁਕਸਾਨ’ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ‘ਬੱਸ ਹੁਣ ਬਹੁਤ ਹੋ ਗਿਆ।’’ ਪਾਕਿਸਤਾਨ ਦਾ ਇਹ ਹਮਲਾਵਰ ਰੁਖ਼ ਅਜਿਹੇ ਮੌਕੇ ਸਾਹਮਣੇ ਆਇਆ ਹੈ ਜਦੋਂ ਅਫ਼ਗ਼ਾਨ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤਾਕੀ ਇਕ ਹਫ਼ਤੇ ਲਈ ਭਾਰਤ ਦੌਰੇ ’ਤੇ ਹਨ। ਅਗਸਤ 2021 ਵਿਚ ਤਾਲਿਬਤਾਨ ਦੇ ਸੱਤਾ ’ਤੇ ਕਾਬਜ਼ ਹੋਣ ਮਗਰੋਂ ਕਾਬੁਲ ਤੋਂ ਉਨ੍ਹਾਂ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।

ਪਾਕਿਸਤਾਨ ਵੱਲੋਂ ਅਫ਼ਗਾਨ ਰਾਜਦੂਤ ਤਲਬ

ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਵਿੱਚ ਜਾਰੀ ਕੀਤੇ ਗਏ ਭਾਰਤ-ਅਫਗਾਨਿਸਤਾਨ ਸਾਂਝੇ ਬਿਆਨ ’ਤੇ ਆਪਣਾ ‘ਸਖ਼ਤ ਇਤਰਾਜ਼’ ਜਤਾਉਣ ਲਈ ਅਫ਼ਗ਼ਾਨ ਰਾਜਦੂਤ ਨੂੰ ਤਲਬ ਕੀਤਾ ਹੈ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ, ਜੋ ਵੀਰਵਾਰ ਨੂੰ ਨਵੀਂ ਦਿੱਲੀ ਪਹੁੰਚੇ, ਭਾਰਤ ਦੇ ਛੇ ਦਿਨਾਂ ਦੌਰੇ ’ਤੇ ਹਨ। ਵਿਦੇਸ਼ ਦਫ਼ਤਰ (ਐਫਓ) ਨੇ ਇੱਕ ਬਿਆਨ ਵਿੱਚ ਕਿਹਾ ਕਿ ਵਧੀਕ ਵਿਦੇਸ਼ ਸਕੱਤਰ (ਪੱਛਮੀ ਏਸ਼ੀਆ ਅਤੇ ਅਫਗਾਨਿਸਤਾਨ) ਨੇ ਸਾਂਝੇ ਬਿਆਨ ਵਿੱਚ ਜੰਮੂ ਅਤੇ ਕਸ਼ਮੀਰ ਦੇ ਹਵਾਲੇ ਬਾਰੇ ਅਫਗਾਨ ਰਾਜਦੂਤ ਨੂੰ ਪਾਕਿਸਤਾਨ ਦੇ ‘ਸਖ਼ਤ ਇਤਰਾਜ਼’ ਤੋਂ ਜਾਣੂ ਕਰਵਾਇਆ ਹੈ। ਵਿਦੇਸ਼ ਦਫ਼ਤਰ ਨੇ ਕਿਹਾ, ‘‘ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦੱਸਣਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਬੰਧਤ ਮਤਿਆਂ ਦੀ ਸਪੱਸ਼ਟ ਉਲੰਘਣਾ ਹੈ।’’ ਲੰਘੇ ਦਿਨ ਨਵੀਂ ਦਿੱਲੀ ਵਿਚ ਜਾਰੀ ਸਾਂਝੇ ਬਿਆਨ ਵਿਚ ਅਫਗਾਨਿਸਤਾਨ ਨੇ ਅਪਰੈਲ ਵਿੱਚ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਭਾਰਤ ਦੇ ਲੋਕਾਂ ਅਤੇ ਸਰਕਾਰ ਨਾਲ ਸੰਵੇਦਨਾ ਅਤੇ ਏਕਤਾ ਪ੍ਰਗਟ ਕੀਤੀ ਹੈ। ਦੋਵਾਂ ਧਿਰਾਂ ਨੇ ਖੇਤਰੀ ਦੇਸ਼ਾਂ ਤੋਂ ਦਰਪੇਸ਼ ਦਹਿਸ਼ਤੀ ਕਾਰਵਾਈਆਂ ਦੀ ਸਪੱਸ਼ਟ ਤੌਰ ’ਤੇ ਨਿੰਦਾ ਕੀਤੀ ਅਤੇ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਆਪਸੀ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

Advertisement
Tags :
Afghan forcesBalochistanKhyber PakhtunkhwaPakistan ArmyPakistan-afghan borderTaliban clashesਅਫਗਾਨ ਫੌਜਾਂਖੈਬਰ ਪਖਤੂਨਖਵਾਤਾਲਿਬਾਨ ਝੜਪਾਂਪਾਕਿਸਤਾਨ ਫੌਜਪਾਕਿਸਤਾਨ-ਅਫਗਾਨ ਸਰਹੱਦਬਲੋਚਿਸਤਾਨ:
Show comments