ਟਰੰਪ ਅਤੇ ਮੋਦੀ ਵਿਚਾਲੇ ਸਬੰਧ ਸੁਖਾਵੇਂ ਹੋਣ ਦਾ ਦਾਅਵਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ‘ਬਹੁਤ ਹਾਂ-ਪੱਖੀ’ ਸਬੰਧ ਹੋਣ ਦਾ ਦਾਅਵਾ ਕਰਦਿਆਂ ਕਿਹਾ ਗਿਆ ਹੈ ਕਿ ਦੋਵੇਂ ਆਗੂ ਛੇਤੀ ਹੀ ਮੁਲਾਕਾਤ ਕਰਨਗੇ। ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਗਲੇ ਕੁਆਡ ਸਿਖਰ ਸੰਮੇਲਨ ਦੀ ਯੋਜਨਾ ਉਲੀਕੀ ਜਾ ਰਹੀ ਹੈ, ਜੋ ਮੌਜੂਦਾ ਵਰ੍ਹੇ ਦੇ ਅਖੀਰ ਜਾਂ 2026 ਦੇ ਸ਼ੁਰੂ ’ਚ ਹੋ ਸਕਦਾ ਹੈ। ਕੁਆਡ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰੇਗਾ, ਜਿਸ ’ਚ ਅਮਰੀਕਾ, ਆਸਟਰੇਲੀਆ ਅਤੇ ਜਪਾਨ ਦੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ। ਸਾਲ 2024 ’ਚ ਕੁਆਡ ਸਿਖਰ ਸੰਮੇਲਨ ਅਮਰੀਕਾ ਦੇ ਵਿਲਮਿੰਗਟਨ ’ਚ ਹੋਇਆ ਸੀ। ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ, ‘‘ਮੀਟਿੰਗਾਂ ਬਾਰੇ ਰਾਸ਼ਟਰਪਤੀ ਨੇ ਐਲਾਨ ਕਰਨਾ ਹੈ ਪਰ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਮੋਦੀ ਅਤੇ ਟਰੰਪ ਨੂੰ ਮੁਲਕਾਤ ਕਰਦੇ ਹੋਏ ਦੇਖੋਗੇ।’’ ਅਮਰੀਕਾ-ਭਾਰਤ ਵਿਚਾਲੇ ਮੀਟਿੰਗਾਂ ਨੂੰ ‘ਬਹੁਤ ਹੀ ਲਾਭਕਾਰੀ’ ਦੱਸਦਿਆਂ ਅਧਿਕਾਰੀ ਨੇ ਕਿਹਾ ਕਿ ਆਉਂਦੇ ਮਹੀਨਿਆਂ ਵਿੱਚ ਲਗਾਤਾਰ ਹਾਂ-ਪੱਖੀ ਘਟਨਾਕ੍ਰਮ ਦੇਖਣ ਨੂੰ ਮਿਲਣਗੇ। ਉਸ ਨੇ ਕਿਹਾ ਕਿ ਰੂਸੀ ਤੇਲ ਦੀ ਖ਼ਰੀਦ ਨੂੰ ਲੈ ਕੇ ਵਪਾਰ ’ਚ ਕੁਝ ਮਤਭੇਦ ਦੇਖੇ ਗਏ ਪਰ ਪਿਛਲੇ ਕੁਝ ਹਫ਼ਤਿਆਂ ਤੋਂ ਦੂਰੀਆਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
‘ਕਸ਼ਮੀਰ ਮਸਲੇ ’ਚ ਦਖ਼ਲ ਦੇਣ ਵਿੱਚ ਕੋਈ ਦਿਲਚਸਪੀ ਨਹੀਂ’
ਅਮਰੀਕੀ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਇੱਥੇ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਵਿਚਾਲੇ ‘ਸਿੱਧਾ ਮੁੱਦਾ’ ਹੈ ਅਤੇ ਅਮਰੀਕਾ ਦੀ ਇਸ ਮਸਲੇ ’ਚ ਦੱਖਣੀ ਏਸ਼ੀਆ ਦੇ ਦੋ ਗੁਆਂਢੀਆਂ ਵਿਚਾਲੇ ਦਖਲ ਦੇਣ ਦੀ ਕੋਈ ਦਿਲਚਸਪੀ ਨਹੀਂ ਹੈ। ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਜੇ ਅਮਰੀਕਾ ਤੋਂ ਕਿਸੇ ਮੁੱਦੇ ’ਤੇ ਸਹਿਯੋਗ ਮੰਗਿਆ ਜਾਂਦਾ ਹੈ ਤਾਂ ਉਹ ਮਦਦ ਲਈ ਤਿਆਰ ਹੈ। ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲ ‘ਹੋਰ ਬਹੁਤ ਸਾਰੇ ਮਸਲੇ’ ਹਨ ਅਤੇ ‘ਇਸ ਨੂੰ (ਕਸ਼ਮੀਰ ਮਸਲੇ ਨੂੰ) ਭਾਰਤ ਤੇ ਪਾਕਿਸਤਾਨ ’ਤੇ ਛੱਡ ਰਹੇ ਹਾਂ।’