ਚੀਨ ਬਹੁਤ ਜਲਦ ਉਸ ਰੇਲ ਨੈੱਟਵਰਕ ’ਤੇ ਕੰਮ ਕਰਨ ਦੀ ਯੋਜਨਾ ਬਣਾ ਰਿਹਾ, ਜਿਸ ਨਾਲ ਸਿੱਧਾ ਭਾਰਤ ਨੁੂੰ ਖ਼ਤਰਾ ਹੋਵੇਗਾ। ਸੂਤਰਾਂ ਦੇ ਮੁਤਾਬਕ ਚੀਨ ਸ਼ਿਨਜਿਆਂਗ ਸੂਬੇ ਨੂੰ ਤਿੱਬਤ ਨਾਲ ਜੋੜਨ ਵਾਲਾ ਸਭ ਤੋਂ ‘ਮਹੱਤਵਾਕਾਂਖੀ ਰੇਲ ਲਿੰਕ’ ਬਣਾਉਣ ਲਈ ਤਿਆਰ ਹੈ, ਜਿਸ ਦਾ ਇੱਕ ਹਿੱਸਾ ਭਾਰਤ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਦੇ ਕੋਲੋਂ ਦੀ ਲੰਘੇਗਾ।
ਰਿਪੋਰਟਾਂ ਅਨੁਸਾਰ ਇਹ ਚੀਨ ਦੇ ਸਭ ਤੋਂ ਵੱਡੇ ਰੇਲ ਪ੍ਰਾਜੈਕਟਾਂ ਵਿੱਚੋਂ ਇੱਕ ਹੈ। ਇਸ ਸਾਲ ਦੁਨੀਆ ਦੇ ਸਭ ਤੋਂ ਮਹੱਤਵਾਕਾਂਖੀ ਰੇਲ ਪ੍ਰਾਜੈਕਟਾਂ ਵਿੱਚੋਂ ਇੱਕ ‘ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਵਿੱਚ ਇੱਕ ਸਰਕਾਰੀ ਕੰਪਨੀ ਦੀ ਸ਼ੁਰੂਆਤ ਕੀਤੀ ਜਾਵੇਗੀ ਜੋ ਸ਼ਿਨਜਿਆਂਗ ਵਿੱਚ ਹੋਟਨ ਅਤੇ ਤਿੱਬਤ ਵਿੱਚ ਲਹਾਸਾ ਨੂੰ ਜੋੜਨ ਵਾਲੀ ਲਾਈਨ ਦੇ ਨਿਰਮਾਣ ਅਤੇ ਸੰਚਾਲਨ ਦੀ ਨਿਗਰਾਨੀ ਕਰੇਗੀ।
ਸੂਤਰਾਂ ਮਤਾਬਕ ਸ਼ਿਨਜਿਆਂਗ-ਤਿੱਬਤ ਰੇਲਵੇ ਕੰਪਨੀ (XTRC) ਨੂੰ ਰਸਮੀ ਤੌਰ ‘ਤੇ 95 ਅਰਬ ਯੂਆਨ (13.2 ਅਰਬ ਅਮਰੀਕੀ ਡਾਲਰ) ਦੀ ਪੂੰਜੀ ਨਾਲ ਰਜਿਸਟਰ ਕੀਤਾ ਗਿਆ ਸੀ ਅਤੇ ਇਸ ਪ੍ਰਾਜੈਕਟ ਨੂੰ ਬਣਾਉਣ ਲਈ ਇਸਦੀ ਪੂਰੀ ਮਲਕੀਅਤ ‘ਚਾਈਨਾ ਸਟੇਟ ਰੇਲਵੇ ਗਰੁੱਪ’ ਕੋਲ ਸੀ।
ਰਿਪੋਰਟ ਅਨੁਸਾਰ ਇਹ ਰੇਲਵੇ ਲਾਈਨ ਸ਼ਿਨਜਿਆਂਗ ਦੇ ਹੋਟਨ ਸ਼ਹਿਰ ਨੂੰ ਤਿੱਬਤ ਦੇ ਸ਼ਿਗਾਤਸੇ ਨਾਲ ਜੋੜੇਗੀ ਅਤੇ ਮੌਜੂਦਾ ਲਹਾਸਾ-ਸ਼ਿਗਾਤਸੇ ਲਾਈਨ ਨਾਲ ਜੁੜ ਕੇ ਲਗਭਗ 2,000 ਕਿਲੋਮੀਟਰ ਦਾ ਇੱਕ ਰਣਨੀਤਕ ਗਲਿਆਰਾ ਬਣਾਏਗੀ।
ਕਾਬਿਲੇਗੌਰ ਹੈ ਕਿ ਇਸ ਨਾਲ ਭਾਰਤ ਲਈ ਦੋ ਕਾਰਨਾਂ ਕਰਕੇ ਇੱਕ ਵੱਡੀ ਚਿੰਤਾ ਪਦਾ ਹੋ ਸਕਦੀ ਹੈ। ਪਹਿਲਾ ਕਾਰਨ ਇਹ ਕਿ ਇਹ LAC ਦੇ ਬਹੁਤ ਨੇੜਿਉਂ ਲੰਘੇਗਾ ਅਤੇ ਦੂਜੀ ਸਮੱਸਿਆ ਇਹ ਹੈ ਕਿ ਇਹ ਅਕਸਾਈ ਚਿਨ ਵਿੱਚ ਹੈ, ਜੋ ਕਿ ਭਾਰਤ ਦਾ ਇੱਕ ਹਿੱਸਾ ਹੈ ਅਤੇ 1962 ਵਿੱਚ ਚੀਨ ਵੱਲੋਂ ਇਸ ਉੱਤੇ ਕਬਜ਼ਾ ਕੀਤਾ ਗਿਆ ਸੀ।