‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿ ਨੂੰ ਦਿੱਤੇ ਸਾਥ ਸਬੰਧੀ ਦੋਸ਼ਾਂ ਤੋਂ ਚੀਨ ਨੇ ਪਾਸਾ ਵੱਟਿਆ
ਪੇਈਚਿੰਗ, 7 ਜੁਲਾਈ
ਚੀਨ ਨੇ ਭਾਰਤੀ ਫੌਜ ਦੇ ਉਪ ਮੁਖੀ ਲੈਫ਼ਟੀਨੈਂਟ ਜਨਰਲ ਰਾਹੁਲ ਆਰ. ਸਿੰਘ ਦੇ ਇਸ ਦਾਅਵੇ ਨੂੰ ਤਵੱਜੋ ਨਹੀਂ ਦਿੱਤੀ ਕਿ ਪੇਈਚਿੰਗ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ਨੂੰ ਫੌਜ ਦੇ ਪੱਧਰ ’ਤੇ ਸਹਿਯੋਗ ਦਿੱਤਾ ਅਤੇ ਟਕਰਾਅ ਨੂੰ ਵੱਖ ਵੱਖ ਹਥਿਆਰ ਪ੍ਰਣਾਲੀਆਂ ਦੇ ਪ੍ਰੀਖਣ ਲਈ ਇਕ ‘ਲਾਈਵ ਲੈਬ’ ਵਜੋਂ ਵਰਤਿਆ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਇਥੇ ਪੱਤਰਕਾਰਾਂ ਵੱਲੋਂ ਜਨਰਲ ਸਿੰਘ ਦੇ ਬਿਆਨ ਬਾਰੇ ਪੁੱਛੇ ਗਏ ਇਕ ਸਵਾਲ ’ਤੇ ਕਿਹਾ, ‘‘ਤੁਸੀਂ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਹੈ, ਮੈਂ ਉਨ੍ਹਾਂ ਤੋਂ ਜਾਣੂ ਨਹੀਂ ਹਾਂ। ਮੈਂ ਇੰਨਾ ਆਖਣਾ ਚਾਹੁੰਦੀ ਹਾਂ ਕਿ ਚੀਨ ਅਤੇ ਪਾਕਿਸਤਾਨ ਗੁਆਂਢੀ ਹਨ ਤੇ ਉਨ੍ਹਾਂ ਵਿਚਾਲੇ ਰਵਾਇਤੀ ਦੋਸਤੀ ਹੈ। ਰੱਖਿਆ ਸੁਰੱਖਿਆ ਸਹਿਯੋਗ ਦੋਵੇਂ ਮੁਲਕਾਂ ਵਿਚਕਾਰ ਆਮ ਸਹਿਯੋਗ ਦਾ ਹਿੱਸਾ ਹੈ ਅਤੇ ਇਹ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ।’’ ਮਾਓ ਨੇ ਇਹ ਵੀ ਕਿਹਾ ਕਿ ਭਾਰਤ-ਚੀਨ ਸਬੰਧ ਸੁਧਾਰ ਅਤੇ ਵਿਕਾਸ ਦੇ ਅਹਿਮ ਦੌਰ ’ਚੋਂ ਲੰਘ ਰਹੇ ਹਨ ਤੇ ਪੇਈਚਿੰਗ, ਨਵੀਂ ਦਿੱਲੀ ਨਾਲ ਦੁਵੱਲੇ ਸਬੰਧਾਂ ’ਚ ਲਗਾਤਾਰ ਵਾਧਾ ਕਰਨਾ ਚਾਹੇਗਾ। ਮਾਓ ਨੇ ਉਨ੍ਹਾਂ ਖ਼ਬਰਾਂ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਚੀਨ ਨੇ ਭਾਰਤ-ਪਾਕਿਸਤਾਨ ਟਕਰਾਅ ਮਗਰੋਂ ਫਰਾਂਸ ’ਚ ਬਣੇ ਰਾਫ਼ੇਲ ਲੜਾਕੂ ਜੈੱਟਾਂ ਦੇ ਪ੍ਰਦਰਸ਼ਨ ਬਾਰੇ ਭਰਮ ਫੈਲਾਉਣ ਲਈ ਆਪਣੇ ਦੂਤਘਰਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਕਿਹਾ, ‘‘ਤੁਸੀਂ ਜਿਸ ਗੱਲ ਦਾ ਜ਼ਿਕਰ ਕਰ ਰਹੇ ਹੋ, ਉਸ ਤੋਂ ਮੈਂ ਜਾਣੂ ਨਹੀਂ ਹਾਂ।’’ -ਪੀਟੀਆਈ