Chhattisgarh liquor 'scam' case: ਈਡੀ ਵੱਲੋਂ ਭੁਪੇਸ਼ ਬਘੇਲ ਦੇ ਪੁੱਤਰ ਤੇ ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇ
ED raids Bhupesh Baghel's son, others in Chhattisgarh liquor 'scam' case
ਰਾਏਪੁਰ, 10 ਮਾਰਚ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਕੇਸ ਨਾਲ ਜੁੜੇ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਦੇ ਸਬੰਧ ਵਿਚ ਅੱਜ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ।
ਸੂਤਰਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵਿਵਸਥਾਵਾਂ ਤਹਿਤ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਦੀ ਭਿਲਾਈ ਵਿਚਲੀ ਰਿਹਾਇਸ਼ ਅਤੇ ਕੁਝ ਹੋਰਨਾਂ ਵਿਅਕਤੀਆਂ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਚੈਤੰਨਿਆ ਬਘੇਲ ਭਿਲਾਈ ਸਥਿਤ ਰਿਹਾਹਿਸ਼ ’ਤੇ ਆਪਣੇ ਪਿਤਾ ਨਾਲ ਰਹਿੰਦਾ ਹੈ।
ਸੂਤਰਾਂ ਨੇ ਕਿਹਾ ਕਿ ਜਾਂਚ ਦੌਰਾਨ ਚੈਤੰਨਿਆ ਬਘੇਲ, ਸ਼ਰਾਬ ਸਿੰਡੀਕੇਟ ਤੇ ਕੁਝ ਹੋਰਨਾਂ ਦਰਮਿਆਨ ਲਿੰਕ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਈਡੀ ਦੀਆਂ ਟੀਮਾਂ ਨੇ ਕੁੱਲ ਮਿਲਾ ਕੇ 14 ਤੋਂ 15 ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਇਸ ਤੋਂ ਪਹਿਲਾਂ ਈਡੀ ਨੇ ਦਾਅਵਾ ਕੀਤਾ ਸੀ ਕਿ ਛੱਤੀਸਗੜ੍ਹ ਸ਼ਰਾਬ ਘੁਟਾਲੇ ਕਰਕੇ ਸਰਕਾਰੀ ਖ਼ਜ਼ਾਨੇ ਨੂੰ 2100 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ।
ਈਡੀ ਹੁਣ ਤੱਕ ਇਸ ਮਾਮਲੇ ਵਿਚ ਸਾਬਕਾ ਮੰਤਰੀ ਤੇ ਕਾਂਗਰਸ ਆਗੂ ਕਵਾਸੀ ਲਖ਼ਮਾ, ਅਨਵਰ ਧੇਬਰ, ਸਾਬਕਾ ਆਈਏਐੱਸ ਅਧਿਕਾਰੀ ਅਨਿਲ ਟੁਟੇਜਾ, ਭਾਰਤੀ ਟੈਲੀਕਾਮ ਸੇਵਾ ਅਧਿਕਾਰੀ ਅਰੁਣਪਤੀ ਤ੍ਰਿਪਾਠੀ ਤੇ ਕੁਝ ਹੋਰਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਈਡੀ ਮੁਤਾਬਕ ਇਹ ਸ਼ਰਾਬ ਘੁਟਾਲਾ 2019 ਤੇ 2022 ਦਰਮਿਆਨ ਭੁਪੇਸ਼ ਬਘੇਲ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਹੋਇਆ ਸੀ। ਏਜੰਸੀ ਹੁਣ ਤੱਕ ਦੀ ਜਾਂਚ ਦੌਰਾਨ 205 ਕਰੋੜ ਰੁਪਏ ਦੇ ਅਸਾਸੇ ਜ਼ਬਤ ਕਰ ਚੁੱਕੀ ਹੈ। -ਪੀਟੀਆਈ