ਕਰਾਚੀ, 21 ਫਰਵਰੀਸਲਾਮੀ ਬੱਲੇਬਾਜ਼ ਰਿਆਨ ਰਿਕਲਟਨ ਦੇ ਸੈਂਕੜੇ ਸਦਕਾ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨੇ ਅੱਜ ਇੱਥੇ ਇੱਕ ਰੋਜ਼ਾ ਚੈਂਪੀਅਨਜ਼ ਟਰਾਫੀ ਵਿੱਚ ਅਫ਼ਗਾਨਿਸਤਾਨ ਨੂੰ 107 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।ਦੱਖਣੀ ਅਫਰੀਕਾ ਵੱਲੋਂ ਦਿੱਤੇ 316 ਦੌੜਾਂ ਦੇ ਟੀਚਾ ਪੂਰਾ ਕਰਨ ਉੱਤਰੀ ਅਫਗਾਨਿਸਤਾਨ ਦੀ ਟੀਮ 43.3 ਓਵਰਾਂ ਵਿੱਚ 208 ਦੌੜਾਂ ’ਤੇ ਹੀ ਢੇਰ ਹੋ ਗਈ। ਅਫ਼ਗਾਨਿਸਤਾਨ ਲਈ ਸਭ ਤੋਂ ਵੱਧ 90 ਦੌੜਾਂ ਰਹਿਮਤ ਸ਼ਾਹ ਨੇ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਕਾਗਿਸਾ ਰਬਾਡਾ ਨੇ ਤਿੰਨ, ਵਿਆਨ ਮੁਲਡਨ ਤੇ ਐੱਲ. ਐੱਨਗਿੜੀ ਨੇ ਦੋ-ਦੋ, ਜਦਕਿ ਮਾਰਕੋ ਜਾਨਸਨ ਤੇ ਕੇਸ਼ਵ ਮਾਹਰਾਜ ਨੇ ਇੱਕ-ਇੱਕ ਵਿਕਟ ਲਈ।ਇਸ ਤੋਂ ਪਹਿਲਾਂ ਰੈਕਿਲਟਨ ਦੇ ਸ਼ਾਨਦਾਰ ਸੈਂਕੜੇ (103) ਸਦਕਾ ਦੱਖਣੀ ਅਫਰੀਕਾ ਨੇ ਛੇ ਵਿਕਟਾਂ ’ਤੇ 315 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਟੈਂਬਾ ਬਾਵੁਮਾ (58), ਵਾਨ ਡੇਰ ਡੁਸੈਨ (52) ਅਤੇ ਏਡਨ ਮਾਰਕਰਮ (52) ਨੇ ਨੀਮ ਸੈਂਕੜੇ ਜੜੇ।ਮੈਦਾਨ ਅਫ਼ਗਾਨਿਸਤਾਨ ਦੇ ਸਮਰਥਕਾਂ ਨਾਲ ਭਰਿਆ ਹੋਇਆ ਸੀ। ਅਫ਼ਗਾਨਿਸਤਾਨ ਦੇ ਗੇਂਦਬਾਜ਼ ਉਮੀਦ ’ਤੇ ਖਰੇ ਨਹੀਂ ਉਤਰ ਸਕੇ। ਰਾਸ਼ਿਦ ਖਾਨ ਨੇ 10 ਓਵਰਾਂ ਵਿੱਚ 59 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲਈ। ਟੀਮ ਲਈ ਤਜਰਬੇਕਾਰ ਸਪਿੰਨਰ ਮੁਹੰਮਦ ਨਬੀ ਨੇ 51 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਫਜ਼ਲਹਕ ਫਾਰੂਕੀ, ਅਜ਼ਮਤੁੱਲਾ ਉਮਰਜ਼ਈ ਅਤੇ ਨੂਰ ਅਹਿਮਦ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ