ਟਰੰਪ ਦੀ ਦਲੇਰ ਤੇ ਫੈਸਲਾਕੁਨ ਅਗਵਾਈ ਸਦਕਾ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗਬੰਦੀ ਸੰਭਵ ਹੋਈ: ਸ਼ਰੀਫ਼
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੁੜ ਅਮਰੀਕੀ ਸਦਰ ਦਾ ਧੰਨਵਾਦ ਕੀਤਾ; ਬਾਕੂ ਵਿਚ ਆਪਣੇ ਸੰਬੋਧਨ ’ਚ ਕਸ਼ਮੀਰ ਦਾ ਮੁੜ ਜ਼ਿਕਰ ਕੀਤਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਸਾਲ ਮਈ ਵਿੱਚ ਭਾਰਤ-ਪਾਕਿਸਤਾਨ ਟਕਰਾਅ ਨੂੰ ਹੱਲ ਕਰਨ ਲਈ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਹੈ। ਸ਼ਰੀਫ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਨਵੀਂ ਦਿੱਲੀ ਲਗਾਤਾਰ ਇਹ ਕਹਿੰਦਾ ਆਇਆ ਹੈ ਕਿ ਭਾਰਤ ਅਤੇ ਪਾਕਿਸਤਾਨ ਚਾਰ ਦਿਨ ਤੱਕ ਚੱਲੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤਾ ’ਤੇ ਪਹੁੰਚੇ ਸਨ, ਅਤੇ ਇਸ ਅਮਲ ਵਿਚ ਕੋਈ ਤੀਜੀ ਧਿਰ ਸ਼ਾਮਲ ਨਹੀਂ ਸੀ।
ਸ਼ਰੀਫ਼ ਨੇ ਸ਼ਨਿੱਚਰਵਾਰ ਨੂੰ ਬਾਕੂ ਵਿਚ ਅਜ਼ਰਬਾਇਜਾਨ ਦੀ ਵਿਕਟਰੀ ਡੇਅ ਪਰੇਡ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਇਹ ਰਾਸ਼ਟਰਪਤੀ ਟਰੰਪ ਦੀ ਦਲੇਰ ਅਤੇ ਫੈਸਲਾਕੁਨ ਅਗਵਾਈ ਸੀ ਜਿਸ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗਬੰਦੀ ਕੀਤੀ, ਦੱਖਣੀ ਏਸ਼ੀਆ ਵਿੱਚ ਸ਼ਾਂਤੀ ਬਹਾਲ ਕੀਤੀ, ਇੱਕ ਵੱਡੀ ਜੰਗ ਨੂੰ ਟਾਲਿਆ, ਅਤੇ ਲੱਖਾਂ ਲੋਕਾਂ ਨੂੰ ਬਚਾਇਆ।’’
ਚੇਤੇ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 10 ਮਈ ਨੂੰ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਤੋਂ ਬਾਅਦ ‘ਜੰਗਬੰਦੀ’ ਲਈ ਸਹਿਮਤ ਹੋ ਗਏ ਹਨ। ਇਸ ਮਗਰੋਂ ਟਰੰਪ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ‘ਵਪਾਰਕ ਟੈਰਿਫਾਂ’ ਦੇ ਘੁਰਕੀ ਦੇ ਕੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਨੂੰ ‘ਸੁਲਝਾਉਣ ਵਿੱਚ ਮਦਦ’ ਕੀਤੀ। ਭਾਰਤ ਨੇ ਹਾਲਾਂਕਿ ਲਗਾਤਾਰ ਕਿਸੇ ਵੀ ਤੀਜੀ-ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ।
ਸ਼ਰੀਫ਼ ਨੇ ਆਪਣੇ ਸੰਬੋਧਨ ਵਿੱਚ ਕਸ਼ਮੀਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਰਾਬਾਖ ਵਿੱਚ ਅਜ਼ਰਬਾਇਜਾਨ ਦੀ ਜਿੱਤ ਜ਼ੁਲਮ ਵਿਰੁੱਧ ਲੜਨ ਵਾਲੇ ਸਾਰੇ ਦੇਸ਼ਾਂ ਲਈ ਉਮੀਦ ਦੀ ਕਿਰਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ, ਪਰ ਇਹ ਕਿਸੇ ਨੂੰ ਵੀ ਆਪਣੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਜਾਂ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਵਿਕਟਰੀ ਪਰੇਡ ਵਿੱਚ ਪਾਕਿਸਤਾਨ ਅਤੇ ਤੁਰਕੀ ਦੇ ਹਥਿਆਰਬੰਦ ਬਲਾਂ ਦੇ ਦਸਤੇ ਵੀ ਸ਼ਾਮਲ ਸਨ ਜਿਨ੍ਹਾਂ ਨੇ ਅਜ਼ਰਬਾਇਜਾਨੀ ਫੌਜਾਂ ਨਾਲ ਮਾਰਚ ਕੀਤਾ। ਸਮਾਰੋਹ ਵਿੱਚ JF-17 ਥੰਡਰ ਜੈੱਟਾਂ ਦਾ ਇੱਕ ਸ਼ਾਨਦਾਰ ਫਲਾਈਪਾਸਟ ਵੀ ਸ਼ਾਮਲ ਸੀ।

