CBSE ਸਾਲ ਵਿਚ ਦੋ ਵਾਰ ਲਏਗੀ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ, ਖਰੜਾ ਨੇਮਾਂ ਨੂੰ ਮਨਜ਼ੂਰੀ
ਨਵੀਂ ਦਿੱਲੀ, 25 ਫਰਵਰੀ
CBSE ਨੇ ਸਾਲ 2026 ਤੋਂ ਦਸਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਾਲ ਵਿਚ ਦੋ ਵਾਰ ਕਰਵਾਉਣ ਸਬੰਧੀ ਨੇਮਾਂ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਨੇਮਾਂ ਦਾ ਇਹ ਖਰੜਾ ਲੋਕਾਂ ਲਈ ਉਪਲਬਧ ਹੈ ਤੇ ਸਾਰੇ ਸਬੰਧਤ ਭਾਈਵਾਲ ਆਪਣੇ ਸੁਝਾਅ ਤੇ ਇਤਰਾਜ਼ 9 ਮਾਰਚ ਤੱਕ ਦੇ ਸਕਦੇ ਹਨ, ਜਿਸ ਮਗਰੋਂ ਇਸ ਬਾਰੇ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਖਰੜਾ ਨੇਮਾਂ ਮੁਤਾਬਕ ਪ੍ਰੀਖਿਆਵਾਂ ਦਾ ਪਹਿਲਾ ਗੇੜ 17 ਫਰਵਰੀ ਤੋਂ 6 ਮਾਰਚ ਤੱਕ ਹੋਵੇਗਾ ਜਦੋਂਕਿ ਦੂਜੇ ਗੇੜ ਵਿਚ 5 ਤੋਂ 20 ਮਈ ਤੱਕ ਪ੍ਰੀਖਿਆਵਾਂ ਲਈਆਂ ਜਾਣਗੀਆਂ। ਸੀਨੀਅਰ ਬੋਰਡ ਅਧਿਕਾਰੀ ਨੇ ਕਿਹਾ, ‘‘ਦੋਵੇਂ ਪ੍ਰੀਖਿਆਵਾਂ ਪੂਰੇ ਸਿਲੇਬਸ ’ਚੋਂ ਲਈਆਂ ਜਾਣਗੀਆਂ ਤੇ ਉਮੀਦਵਾਰਾਂ ਨੂੰ ਪ੍ਰੀਖਿਆਵਾਂ ਦੇ ਦੋਵਾਂ ਸੰਸਕਰਨਾਂ ਦੌਰਾਨ ਉਹੀ ਪ੍ਰੀਖਿਆ ਕੇਂਦਰ ਅਲਾਟ ਕੀਤਾ ਜਾਵੇਗਾ। ਇਸ ਲਈ ਪ੍ਰੀਖਿਆ ਫੀਸ ਵਿਚ ਵਾਧਾ ਕੀਤਾ ਜਾਵੇਗਾ ਤੇ ਅਰਜ਼ੀ ਦਾਖ਼ਲ ਕਰਨ ਮੌਕੇ ਦੋਵਾਂ ਪ੍ਰੀਖਿਆਵਾਂ ਲਈ ਫੀਸ ਭਰਵਾਈ ਜਾਵੇਗੀ।’’
ਅਧਿਕਾਰੀਆਂ ਨੇ ਅੱਗੇ ਕਿਹਾ, ‘‘ਬੋਰਡ ਪ੍ਰੀਖਿਆਵਾਂ ਦੇ ਪਹਿਲੇ ਤੇ ਦੂਜੇ ਸੰਸਕਰਨ ਨੂੰ ਸਪਲੀਮੈਂਟਰੀ ਪ੍ਰੀਖਿਆਵਾਂ ਵੀ ਮੰਨਿਆ ਜਾਵੇਗਾ ਤੇ ਕਿਸੇ ਵੀ ਹਾਲਤ ਵਿਚ ਕੋਈ ਵਿਸ਼ੇਸ਼ ਪ੍ਰੀਖਿਆ ਨਹੀਂ ਲਈ ਜਾਵੇਗੀ।’’ ਨਵੀਂ ਕੌਮੀ ਸਿੱਖਿਆ ਨੀਤੀ (NEP) ਵਿਚ ਸਿਫ਼ਾਰਸ਼ ਕੀਤੀ ਗਈ ਸੀ ਕਿ ਬੋਰਡ ਪ੍ਰੀਖਿਆਵਾਂ ਦੇ ‘ਉੱਚ ਦਾਅ’ ਵਾਲੇ ਪਹਿਲੂ ਨੂੰ ਖਤਮ ਕਰਨ ਲਈ, ਸਾਰੇ ਵਿਦਿਆਰਥੀਆਂ ਨੂੰ ਕਿਸੇ ਵੀ ਵਿਦਿਅਕ ਸਾਲ ਦੌਰਾਨ ਦੋ ਵਾਰ ਪ੍ਰੀਖਿਆ ਦੇਣ ਦੀ ਖੁੱਲ੍ਹ ਦਿੱਤੀ ਜਾਵੇਗੀ। -ਪੀਟੀਆਈ