‘ਜੱਜ ਦੇ ਘਰੋਂ ਨਕਦੀ ਵਿਵਾਦ’: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ CJI ਨੂੰ ਰਿਪੋਰਟ ਸੌਂਪੀ
ਨਵੀਂ ਦਿੱਲੀ, 22 ਮਾਰਚ
ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਨੇ ਜੱਜ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ਤੋਂ ਕਥਿਤ ਤੌਰ ’ਤੇ ਨਕਦੀ ਮਿਲਣ ਦੇ ਮਾਮਲੇ ਵਿੱਚ ਭਾਰਤ ਦੇ ਚੀਫ ਜਸਟਿਸ CJI ਸੰਜੀਵ ਖੰਨਾ ਨੂੰ ਸੰਭਾਵਿਤ ਤੌਰ ’ਤੇ ਇੱਕ ਰਿਪੋਰਟ ਸੌਂਪ ਦਿੱਤੀ ਹੈ। ਜਸਟਿਸ ਉਪਾਧਿਆਏ ਨੇ ਘਟਨਾ ਸਬੰਧੀ ਸਬੂਤ ਅਤੇ ਜਾਣਕਾਰੀ ਇਕੱਠੀ ਕਰਨ ਲਈ ਅੰਦਰੂਨੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਸੁਪਰੀਮ ਕੋਰਟ ਦੇ ਕਾਲਜੀਅਮ ਨੇ ਰਿਪੋਰਟ ਦੀ ਜਾਂਚ ਕਰਨੀ ਹੈ ਅਤੇ ਫਿਰ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।
ਦਰਅਸਲ 14 ਮਾਰਚ ਨੂੰ ਹੋਲੀ ਦੀ ਰਾਤ ਲਗਭਗ 11:35 ਵਜੇ ਹਾਈ ਕੋਰਟ ਦੇ ਜੱਜ ਵਰਮਾ ਦੇ ਦਿੱਲੀ ਸਥਿਤ ਆਵਾਸ ਵਿੱਚ ਅੱਗ ਲੱਗ ਗਈ ਸੀ ਅਤੇ ਫਾਇਰ ਫਾਈਟਰ ਅੱਗ ਬੁਝਾਉਣ ਲਈ ਪਹੁੰਚੇ। ਇਸ ਦੌਰਾਨ ਉੱਥੇ ਕਥਿਤ ਤੌਰ ’ਤੇ ਵੱਡੀ ਮਾਤਰਾ ਵਿੱਚ ਨਕਦੀ ਮਿਲੀ ਸੀ।
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਜਸਟਿਸ ਵਰਮਾ ਖ਼ਿਲਾਫ਼ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਵੀ ਤਜਵੀਜ਼ ਹੈ। ਬਿਆਨ ਵਿੱਚ ਕਿਹਾ ਗਿਆ, "ਜੱਜ ਯਸ਼ਵੰਤ ਵਰਮਾ ਦੇ ਆਵਾਸ ’ਤੇ ਹੋਈ ਘਟਨਾ ਨਾਲ ਸਬੰਧਿਤ ਗਲਤ ਸੂਚਨਾ ਅਤੇ ਅਫਵਾਹਾਂ ਫੈਲ ਰਹੀਆਂ ਹਨ।" -ਪੀਟੀਆਈ