Comedian Kunal Kamra ਸ਼ਿੰਦੇ ਖਿਲਾਫ਼ ‘ਅਪਮਾਨਜਨਕ’ ਟਿੱਪਣੀਆਂ ਲਈ ਕਾਮੇਡੀਅਨ ਕੁਨਾਲ ਕਾਮਰਾ ਖਿਲਾਫ਼ ਕੇਸ ਦਰਜ
ਮੁੰਬਈ, 24 ਮਾਰਚ
Comedian Kunal Kamra's jibe at Shinde sparks row; Sena workers vandalise venue, file FIR ਮੁੰਬਈ ਪੁਲੀਸ ਨੇ ਇਕ ਸ਼ੋਅ ਦੌਰਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖਿਲਾਫ਼ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਇਹੀ ਨਹੀਂ ਪੁਲੀਸ ਨੇ ਸ਼ਿਵ ਸੈਨਾ ਦੇ ਉਨ੍ਹਾਂ 40 ਵਰਕਰਾਂ ਖਿਲਾਫ਼ ਵੀ ਕੇਸ ਦਰਜ ਕੀਤਾ ਹੈ ਜਿਨ੍ਹਾਂ ਮੁੰਬਈ ਦੇ ਖਾਰ ਇਲਾਕੇ ਵਿਚ ਹੈਬੀਟੈਟ ਸਟੂਡੀਓ ਤੇ ਹੋਟਲ ਦੀ ਕਥਿਤ ਭੰਨਤੋੜ ਕੀਤੀ ਸੀ। ਦਾਅਵਾ ਕੀਤਾ ਜਾਂਦਾ ਹੈ ਕਿ ਕਾਮਰਾ ਦਾ ਸ਼ੋਅ ‘ਗੱਦਾਰ’ ਇਸੇ ਸਟੂਡੀਓ ਵਿਚ ਫਿਲਮਾਇਆ ਗਿਆ ਸੀ, ਜਿਸ ਵਿਚ ਸ਼ਿੰਦੇ ਖਿਲਾਫ਼ ਕਥਿਤ ਟਿੱਪਣੀਆਂ ਕੀਤੀਆਂ ਗਈਆਂ ਸਨ।
ਪੁਲੀਸ ਨੇ ਕਿਹਾ ਕਿ ਵੱਡੀ ਗਿਣਤੀ ਸ਼ਿਵ ਸੈਨਾ ਵਰਕਰ ਐਤਵਾਰ ਰਾਤ ਨੂੰ ਹੋਟਲ Unicontinental ਦੇ ਬਾਹਰ ਇਕੱਤਰ ਹੋ ਗਏ। ਉਨ੍ਹਾਂ ਹੋਟਲ ਤੇ ਇਸ ਵਿਚਲੇ ਸਟੂਡੀਓ ਦੀ ਕਥਿਤ ਭੰਨਤੋੜ ਕੀਤੀ। ਕਾਬਿਲੇਗੌਰ ਹੈ ਕਿ ਹੈਬੀਟੈਟ ਸਟੂਡੀਓ ਉਹੀ ਥਾਂ ਹੈ ਜਿੱਥੇ ਵਿਵਾਦਿਤ ਸ਼ੋਅ ‘ਇੰਡੀਆ’ਜ਼ ਗੌਟ ਲੇਟੈਂਟ’ ਫ਼ਿਲਮਾਇਆ ਗਿਆ ਸੀ। ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਨੇ ਕਾਮਰਾ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ। ਐੱਮਆਈਡੀਸੀ ਪੁਲੀਸ ਨੇ ਪਟੇਲ ਦੀ ਸ਼ਿਕਾਇਤ ਦੇ ਅਧਾਰ ’ਤੇ ਸੋਮਵਾਰ ਵੱਡੇ ਤੜਕੇ ਸਟੈਂਡ-ਅੱਪ ਕਾਮੇਡੀਅਨ ਖਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ (353(1)(ਬੀ) ਤੇ 356(2)) ਤਹਿਤ ਕੇਸ ਦਰਜ ਕੀਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ 2 ਮਿੰਟ ਦੀ ਵੀਡੀਓ ਵਿਚ ਕਾਮਰਾ ਸੱਤਾਧਾਰੀ ਐੱਨਸੀਪੀ ਤੇ ਸ਼ਿਵ ਸੈਨਾ ਦਾ ਮਖੌਲ ਉਡਾਉਂਦਾ ਨਜ਼ਰ ਆਉਂਦਾ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਖਾਰ ਪੁਲੀਸ ਵੱਲੋਂ 19 ਸ਼ਿਵ ਸੈਨਾ ਆਗੂਆਂ ਖਿਲਾਫ਼ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਵਿਚ ਰਾਹੁਲ ਕਨਾਲ (ਯੁਵਾ ਸੈਨਾ), ਵਿਭਾਗ ਪ੍ਰਮੁੱਖ ਕੁਨਾਲ ਸਰਮਾਰਕਰ ਅਤੇ ਅਕਸ਼ੈ ਪਨਵੇਲਕਰ ਅਤੇ 15 ਤੋਂ 20 ਅਣਪਛਾਤੇ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਉੱਤੇ ਹੈਬੀਟੈਟ ਸਟੂਡੀਓ ਵਿੱਚ ਭੰਨਤੋੜ ਕਰਨ ਦੇ ਨਾਲ-ਨਾਲ ਹੋਟਲ ਦੀਆਂ ਜਾਇਦਾਦਾਂ ਵਿੱਚ ਭੰਨਤੋੜ ਕਰਨ ਦਾ ਦੋਸ਼ ਹੈ। ਖਾਰ ਪੁਲੀਸ ਦੇ ਸਬ-ਇੰਸਪੈਕਟਰ ਵਿਜੇ ਸੈਦ, ਜਿਨ੍ਹਾਂ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕੀਤੀ ਗਈ ਸੀ, ਨੇ ਆਪਣੇ ਬਿਆਨ ਵਿੱਚ ਦੋਸ਼ ਲਗਾਇਆ ਕਿ ਪਨਵੇਲਕਰ, ਸਰਮਾਰਕਰ ਅਤੇ ਹੋਰ ਸ਼ਿਵ ਸੈਨਿਕ ਹੋਟਲ ਅਤੇ ਸਟੂਡੀਓ ਵਿੱਚ ਦਾਖਲ ਹੋਏ ਅਤੇ ਭੰਨਤੋੜ ਕੀਤੀ। -ਪੀਟੀਆਈ