ਕਾਰਨੀ ਸਰਕਾਰ ਵੱਲੋਂ ਬਜਟ ਪਾਸ ਕਰਾਉਣ ਲਈ ਚਾਰਾਜੋਈ
ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਅੱਜ ਬਜਟ ਪੇਸ਼ ਕਰਨ ਦੇ ਨਾਲ ਹੀ ਬਹੁਮੱਤ ਵੱਲ ਵੀ ਕਦਮ ਪੁੱਟ ਲਿਆ ਹੈ। ਨੋਵਾ ਸਕੋਸ਼ੀਆ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਕ੍ਰਿਸ ਐਂਟਰੇਮੈਂਟ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਕੇ ਲਿਬਰਲ ਪਾਰਟੀ ਦਾ ਪੱਲਾ ਫੜਨ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਕੈਨੇਡਿਆਈ ਸਿਆਸਤ ਵਿੱਚ ਵੀ ਜੋੜ-ਤੋੜ ਦੀ ਸ਼ੁਰੂਆਤ ਹੋ ਗਈ ਹੈ। 169 ਮੈਂਬਰਾਂ ਵਾਲੀ ਘੱਟ ਗਿਣਤੀ ਕਾਰਨੀ ਸਰਕਾਰ ਨੂੰ ਬਹੁਮੱਤ ਹਾਸਲ ਕਰਨ ਲਈ ਤਿੰਨ ਮੈਂਬਰਾਂ ਦੀ ਲੋੜ ਹੈ। ਜੇਕਰ ਬਜਟ ਪਾਸ ਨਾ ਹੋਇਆ ਤਾਂ ਸਰਕਾਰ ਟੁੱਟਣ ਦੇ ਨਾਲ ਹੀ ਮੱਧਕਾਲੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਅੱਜ ਪੇਸ਼ ਹੋਏ ਬਜਟ ਉੱਤੇ ਕੁਝ ਦਿਨ ਬਹਿਸ ਹੋਣ ਤੋਂ ਬਾਅਦ ਇਸ ਨੂੰ ਪਾਸ ਕਰਨ ਲਈ ਬਹੁਮੱਤ ਦੀ ਲੋੜ ਹੋਏਗੀ। ਕ੍ਰਿਸ ਵੱਲੋਂ ਪਾਰਟੀ ਤਬਦੀਲ ਕੀਤੇ ਜਾਣ ਤੋਂ ਬਾਅਦ ਵੀ ਸਰਕਾਰ ਨੂੰ ਦੋ ਮੈਂਬਰਾਂ ਦੀ ਹਮਾਇਤ ਦੀ ਲੋੜ ਪਏਗੀ। ਸਿਆਸੀ ਸੂਝ ਵਾਲੇ ਲੋਕ ਕ੍ਰਿਸ ਵੱਲੋਂ ਪਾਸਾ ਪਲਟੇ ਜਾਣ ਨੂੰ ਬਹੁਮੱਤ ਦਾ ਮੁੱਢ ਮੰਨਣ ਲੱਗੇ ਹਨ। ਹੁਣ ਦੇਖਣਾ ਹੋਏਗਾ ਕਿ ਕਾਰਨੀ ਸਰਕਾਰ ਬਜਟ ਪਾਸ ਕਰਵਾਉਣ ਲਈ ਕਿਸੇ ਹੋਰ ਪਾਰਟੀ ਦਾ ਬਾਹਰੀ ਸਮਰਥਨ ਹਾਸਲ ਕਰਦੀ ਹੈ ਜਾਂ ਕ੍ਰਿਸ ਵਾਂਗ ਅੱਗੇ ਹੋਰ ਆਗੂਆਂ ਦੀ ਲਿਬਰਲ ਪਾਰਟੀ ’ਚ ਸ਼ਮੂਲੀਅਤ ਹੋਣ ਨਾਲ ਬਜਟ ਪਾਸ ਹੁੰਦਾ ਹੈ।
