ਗੈਰ-ਅਮਰੀਕੀ ਬਰਾਮਦਾਂ ਦੁੱਗਣੀਆਂ ਕਰੇਗਾ ਕੈਨੇਡਾ: ਕਾਰਨੀ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਦਹਾਕੇ ਵਿੱਚ ਕੈਨੇਡਾ ਦੀਆਂ ਗੈਰ-ਅਮਰੀਕੀ ਬਰਾਮਦਾਂ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫਾਂ ਕਾਰਨ ਨਿਵੇਸ਼ ਵਿੱਚ ਠਹਿਰਾਅ ਆ ਰਿਹਾ ਹੈ। ਉਹ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਜਾਰੀ ਕਰਨਗੇ। ਉਨ੍ਹਾਂ ਬੁੱਧਵਾਰ ਨੂੰ ਕਿਹਾ, ‘‘ਕੈਨੇਡਾ ਦੀਆਂ ਪੁਰਾਣੀਆਂ ਬਹੁਤ ਸਾਰੀਆਂ ਸਮਰੱਥਾਵਾਂ ਜੋ ਅਮਰੀਕਾ ਨਾਲ ਨਜ਼ਦੀਕੀ ਸਬੰਧਾਂ ’ਤੇ ਆਧਾਰਿਤ ਸਨ, ਹੁਣ ਕਮਜ਼ੋਰੀਆਂ ਪੈ ਗਈਆਂ ਹਨ। ਸਾਡੇ ਉਦਯੋਗਾਂ ਵਿੱਚ ਕਾਮਿਆਂ ਦੀਆਂ ਨੌਕਰੀਆਂ ’ਤੇ ਅਮਰੀਕੀ ਟੈਰਿਫਾਂ ਦਾ ਸਭ ਤੋਂ ਵੱਧ ਅਸਰ ਪਿਆ ਹੈ। ਆਟੋ, ਸਟੀਲ, ਲੱਕੜ ਉਦਯੋਗ ਖ਼ਤਰੇ ਵਿੱਚ ਹਨ। ਸਾਡੇ ਕਾਰੋਬਾਰ ਨਿਵੇਸ਼ ਕਰਨ ਤੋਂ ਗੁਰੇਜ਼ ਕਰ ਰਹੇ ਹਨ, ਕਿਉਂਕਿ ਸਾਡੇ ਸਾਰਿਆਂ ’ਤੇ ਲਟਕ ਰਹੀ ਅਨਿਸ਼ਚਿਤਤਾ ਦੀ ਤਲਵਾਰ ਨੇ ਉਨ੍ਹਾਂ ਨੂੰ ਰੋਕਿਆ ਹੋਇਆ ਹੈ।” ਚੇਤੇ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਟੈਰਿਫਾਂ ਨਾਲ ਕੈਨੇਡਾ ਦੇ ਅਰਥਚਾਰੇ ਅਤੇ ਪ੍ਰਭੂਸੱਤਾ ਲਈ ਖ਼ਤਰੇ ਖੜ੍ਹੇ ਕਰ ਰਹੇ ਹਨ, ਜਿਸ ਵਿੱਚ ਸਭ ਤੋਂ ਵੱਧ ਅਪਮਾਨਜਨਕ ਇਹ ਦਾਅਵਾ ਹੈ ਕਿ ਕੈਨੇਡਾ ‘51ਵਾਂ ਰਾਜ’ ਬਣ ਸਕਦਾ ਹੈ। ਸ੍ਰੀ ਕਾਰਨੀ ਨੇ ਕੈਨੇਡਿਆਈ ਲੋਕਾਂ ਨੂੰ ਸੰਬੋਧਨ ਦੌਰਾਨ ਦੁਹਰਾਇਆ ਕਿ ਕੈਨੇਡਿਆਈ ਅਤੇ ਅਮਰੀਕੀ ਅਰਥਚਾਰਿਆਂ ਦਰਮਿਆਨ ਇੱਕ-ਦੂਜੇ ਦੇ ਨੇੜੇ ਆਉਣ ਦੀ ਦਹਾਕਿਆਂ ਲੰਬੀ ਪ੍ਰਕਿਰਿਆ ਹੁਣ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ, “ਅਮਰੀਕਾ ਨੇ ਵਪਾਰ ਪ੍ਰਤੀ ਆਪਣੀ ਪਹੁੰਚ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੱਤਾ ਹੈ। ਆਪਣੇ ਟੈਰਿਫ ਵਧਾ ਕੇ ਉਨ੍ਹਾਂ ਪੱਧਰਾਂ ’ਤੇ ਲਿਆਂਦਾ ਹੈ ਜੋ ਮਹਾਂ ਮੰਦੀ ਦੌਰਾਨ ਆਖ਼ਰੀ ਵਾਰ ਦੇਖੇ ਗਏ ਸਨ।
