ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਪ੍ਰਧਾਨ ਮੰਤਰੀ ਮਾਰਕ ਕਾਰਨੀ ਸਣੇ ਹੋਰਨਾਂ ਨਾਲ 68,500 ਡਾਲਰ ਦੀ ਠੱਗੀ

ਹੈਕਰਾਂ ਦਾ ਹੱਥਠੋਕਾ ਬਣਿਆ ਬੈਂਕ ਮੁਲਾਜ਼ਮ ਕਾਬੂ; ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਜੋਗ ਨਾਲ ਠੱਗੀ ਤੋਂ ਬਚੇ
ਰੌਇਲ ਬੈਂਕ ਆਫ਼ ਕੈਨੇਡਾ ਦੀ ਫਾਈਲ ਫੋਟੋ। ਰਾਇਟਰਜ਼
Advertisement

ਹੈਕਰਾਂ ਨੇ ਰੌਇਲ ਬੈਂਕ ਆਫ ਕੈਨੇਡਾ ਦੇ ਇਕ ਮੁਲਾਜ਼ਮ ਦੀ ਮਿਲੀਭੁਗਤ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰਨਾਂ ਨਾਲ 68 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਡੇ ਸੰਜੋਗ ਕਰਕੇ ਠੱਗੀ ਤੋਂ ਬਚ ਗਏ। ਪੁਲੀਸ ਨੇ ਹੈਕਰਾਂ ਦਾ ਹੱਥਠੋਕਾ ਬਣੇ ਬੈਂਕ ਮੁਲਾਜ਼ਮ ਨੂੰ ਕਾਬੂ ਕਰ ਲਿਆ ਹੈ। ਬੈਂਕ ਵੱਲੋਂ ਖਾਤਾਧਾਰਕਾਂ ਨਾਲ ਹੋਈ ਠੱਗੀ ਦੀ ਰਕਮ ਭਰੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਓਟਵਾ ਸਥਿਤ ਰੌਇਲ ਬੈਂਕ ਆਫ ਕੈਨੇਡਾ ਦੀ ਪਾਰਲੀਮੈਂਟ ਹਿੱਲ (ਸੰਸਦ ਭਵਨ) ਨੇੜਲੀ ਸ਼ਾਖਾ ਵਿੱਚ ਤਿੰਨ ਸਾਲ ਤੋਂ ਕੰਮ ਕਰਦੇ ਇਬਰਾਹੀਮ ਅਲ ਹਾਕਿਮ(23) ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕਈ ਖਾਤਾ ਧਾਰਕਾਂ ਦੀ ਜਾਣਕਾਰੀ ਹੈਕਰਾਂ ਨਾਲ ਸਾਂਝੀ ਕੀਤੇ ਜਾਣ ਕਰਕੇ ਉਨ੍ਹਾਂ ਦੇ ਖਾਤਿਆਂ ’ਚੋਂ ਹਜ਼ਾਰਾਂ ਡਾਲਰ ਟਰਾਂਸਫਰ ਕਰ ਲਏ ਗਏ। ਠੱਗੀ ਦਾ ਪਤਾ ਲੱਗਦੇ ਹੀ ਬੈਂਕ ਨੇ ਅਲ ਹਾਕਿਮ ਨੂੰ ਫੌਰੀ ਨੌਕਰੀ ਤੋਂ ਕੱਢ ਦਿੱਤਾ ਤੇ ਮਾਮਲੇ ਦੀ ਜਾਂਚ ਪੁਲੀਸ ਨੂੰ ਸੌਂਪ ਦਿੱਤੀ।

Advertisement

ਪੁਲੀਸ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਬੁੱਧਵਾਰ ਨੂੰ ਜੱਜ ਮੂਹਰੇ ਪੇਸ਼ ਕੀਤਾ ਜਾਏਗਾ। ਬੇਸ਼ੱਕ ਬੈਂਕ ਵਲੋਂ ਮਾਮਲੇ ਨੂੰ ਗੁਪਤ ਰੱਖਣ ਦੇ ਯਤਨ ਕੀਤੇ ਗਏ, ਪਰ ਪੁਲੀਸ ਵਲੋਂ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ ਲੀਕ ਹੋਣ ਕਰਕੇ ਸਾਰਾ ਮਾਮਲਾ ਜਨਤਕ ਹੋ ਗਿਆ। ਹੈਕਰਾਂ ਨੇ ਪ੍ਰਧਾਨ ਮੰਤਰੀ ਕਾਰਨੀ ਸਣੇ ਹੋਰਨਾਂ ਖਾਤਾਧਾਰਕਾਂ ਨਾਲ 68 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ।

ਜਾਣਕਾਰੀ ਅਨੁਸਾਰ ਇਬਰਾਈਮ ਅਲ ਹਾਕਿਮ ਨੂੰ ਬੈਂਕ ਨੇ ਤਿੰਨ ਸਾਲ ਪਹਿਲਾਂ ਭਰਤੀ ਕੀਤਾ ਸੀ। ਉਸ ਨੂੰ ਓਟਵਾ ਸਥਿਤ ਪਾਰਲੀਮੈਂਟ ਹਿੱਲ ਸ਼ਾਖਾ ਵਿੱਚ ਡਿਊਟੀ ’ਤੇ ਲਾਇਆ ਗਿਆ। ਪੁਲੀਸ ਵੱਲੋਂ ਲਾਏ ਦੋਸ਼ਾਂ ਮੁਤਾਬਕ ਹੈਕਰਾਂ ਨੇ ਅਲ ਵਰਲਡ ਨਾਂਅ ਵਾਲੇ ਇੰਸਟਾਗਰਾਮ ਖਾਤੇ ਰਾਹੀਂ ਮੁਲਜ਼ਮ ਨਾਲ ਸੰਪਰਕ ਸਾਧਿਆ ਤੇ ਉਸ ਨੂੰ ਵੱਡੀ ਰਕਮ ਵਾਲੇ ਖਾਤਿਆਂ ਦੀ ਜਾਣਕਾਰੀ ਦੇਣ ਬਦਲੇ ਪ੍ਰਤੀ ਖਾਤਾ 500 ਡਾਲਰ ਦਿੱਤੇ।

ਪਿਛਲੇ ਸਾਲ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਤੇ ਦੀ ਜਾਣਕਾਰੀ ਮੰਗੀ ਗਈ, ਪਰ ਇਬਰਾਹੀਮ ਨੇ ਗਲਤੀ ਨਾਲ ਇਸੇ ਨਾਂਅ ਦੇ ਕਿਸੇ ਹੋਰ ਵਿਅਕਤੀ ਦੀ ਜਾਣਕਾਰੀ ਸਾਂਝੀ ਕਰ ਦਿੱਤੀ। ਬੈਂਕ ਵੱਲੋਂ ਖਾਤਾਧਾਰਕਾਂ ਨਾਲ ਹੋਈ ਠੱਗੀ ਦੀ ਰਕਮ ਭਰੀ ਜਾ ਰਹੀ ਹੈ। ਮੁਲਜ਼ਮ ਖਿਲਾਫ਼ ਚਾਰ ਅਪਰਾਧਿਕ ਦੋਸ਼ ਲਾਏ ਗਏ ਹਨ, ਜਿਨ੍ਹਾਂ ਲਈ ਉਸ ਨੂੰ 25 ਸਾਲ ਤੱਕ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

Advertisement
Tags :
Canada PM Mark CarneyRoyal Bank of Canadaਕੈਨੇਡਾ ਦੇ ਪ੍ਰਧਾਨ ਮਾਰਕ ਕਾਰਨੀਕੈਨੈਡਾ ਖ਼ਬਰਾਂਪੰਜਾਬੀ ਖ਼ਬਰਾਂਮਾਰਕ ਕਾਰਨੀ ਨਾਲ ਠੱਗੀ
Show comments