DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਪੁਲੀਸ ਨੇ ਕਾਤਲ ਪਤੀ ਦੀ ਭਾਲ ਲਈ ਵੱਡਾ ਇਨਾਮ ਐਲਾਨਿਆ

ਢਾਈ ਸਾਲ ਪਹਿਲਾਂ ਗੈਸ ਸਟੇਸ਼ਨ ’ਤੇ ਕੰਮ ਕਰਦੀ ਪਤਨੀ ਨੂੰ ਮਾਰਨ ਤੋਂ ਬਾਅਦ ਫ਼ਰਾਰ ਹੈ ਧਰਮ ਧਾਲੀਵਾਲ
  • fb
  • twitter
  • whatsapp
  • whatsapp
featured-img featured-img
ਦੋਸ਼ੀ ਧਰਮ ਧਾਲੀਵਾਲ ਤੇ ਉਸ ਦੀ ਪਤਨੀ ਪਵਨਪ੍ਰੀਤ ਕੌਰ
Advertisement
ਗੁਰਮਲਕੀਅਤ ਸਿੰਘ ਕਾਹਲੋਂ 
ਵੈਨਕੂਵਰ, 26 ਅਪਰੈਲ
ਉਂਟਾਰੀਓ ਦੀ ਪੀਲ ਪੁਲੀਸ ਨੇ ਢਾਈ ਸਾਲ ਪਹਿਲਾਂ ਮਿਸੀਸਾਗਾ ਦੇ ਗੈਸ ਸਟੇਸ਼ਨ (ਪੈਟਰੋਲ ਪੰਪ) ’ਤੇ ਕੰਮ ਕਰਦੀ ਪਤਨੀ ਦਾ ਕਤਲ ਕਰਕੇ ਭੱਜਣ ਵਾਲੇ ਵਿਅਕਤੀ ਦਾ ਥਹੁ ਪਤਾ ਦੱਸਣ ਤੇ 3 ਜੂਨ ਤੱਕ ਉਸ ਨੂੰ ਫੜਾਉਣ ਬਦਲੇ 50 ਹਜ਼ਾਰ ਡਾਲਰ (30 ਲੱਖ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਧਰਮ ਧਾਲੀਵਾਲ (32) ਨਾਂਅ ਦੇ ਲੋੜੀਂਦੇ ਵਿਅਕਤੀ ਦੀ ਫੋਟੋ ਜਾਰੀ ਕਰਦਿਆਂ ਉਸ ਦਾ ਕੱਦ 5 ਫੁੱਟ ਸੱਤ ਇੰਚ ਅਤੇ ਭਾਰ 76 ਕਿਲੋ ਦੱਸਿਆ ਗਿਆ ਹੈ। ਸ਼ੱਕੀ ਦੋਸ਼ੀ ਦੇ ਦੋ ਰਿਸ਼ਤੇਦਾਰ ਅਮਰਜੀਤ ਧਾਲੀਵਾਲ (50) ਅਤੇ ਪ੍ਰਿਤਪਾਲ ਧਾਲੀਵਾਲ (25) ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਹਿਯੋਗ ਕਰਨ ਅਤੇ ਦੋਸ਼ੀ ਨੂੰ ਪਨਾਹ ਦੇਣ ਦੇ ਜੁਰਮ ਵਿੱਚ ਕਾਫੀ ਦੇਰ ਤੋਂ ਅਦਾਲਤ ਵਿਚ ਪੇਸ਼ੀਆਂ ਭੁਗਤ ਰਹੇ ਹਨ। ਜੁਰਮ ਕਰਨ ਵੇਲੇ ਦੋਸ਼ੀ ਵੀ ਘਰੇਲੂ ਹਿੰਸਾ ਦੇ ਕਈ ਮਾਮਲਿਆਂ ਵਿੱਚ ਜ਼ਮਾਨਤ ’ਤੇ ਸੀ।
ਘਟਨਾ 3 ਦਸੰਬਰ 2022 ਦੀ ਹੈ, ਜਦੋਂ ਪਵਨਪ੍ਰੀਤ ਕੌਰ (21) ਮਿਸੀਸਾਗਾ ਦੀ ਬ੍ਰਿਟਾਨੀਆ ਰੋਡ ਅਤੇ ਕਰੈਡਿਟ ਵਿਊ ਰੋਡ ਦੇ ਚੌਕ ਨੇੜੇ ਪੈਟਰੋ ਕੈਨੇਡਾ ਦੇ ਗੈਸ ਸਟੇਸ਼ਨ ’ਤੇ ਰਾਤ ਦੀ ਡਿਊਟੀ ਕਰ ਰਹੀ ਸੀ। ਪੁਲੀਸ ਕੋਲ ਮੌਜੂਦ ਸੀਸੀਟੀਵੀ ਫੁਟੇਜ ਮੁਤਾਬਕ ਦੋਸ਼ੀ ਨੇ ਕਾਰ ਪਾਰਕ ਕੀਤੀ ਤੇ ਬੰਦੂਕ ਲੈ ਕੇ ਅੰਦਰ ਗਿਆ ਤੇ 21 ਸਾਲਾ ਪਵਨਪ੍ਰੀਤ ਕੌਰ ਨੂੰ ਕਈ ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਪਤਨੀ ਨੂੰ ਮਾਰਨ ਤੋਂ ਪਹਿਲਾਂ ਦੋਸ਼ੀ ਨੇ ਆਪਣੀ ਖੁਦਕੁਸ਼ੀ ਦੀ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ, ਜੋ ਮਗਰੋਂ ਝੂਠੀ ਸਾਬਤ ਹੋਈ, ਜਿਸ ਕਾਰਨ ਉਸ ’ਤੇ ਪਹਿਲਾਂ ਦਰਜਾ ਕਤਲ (ਸਾਜ਼ਿਸ਼ ਤਹਿਤ ਮਾਰਨਾ) ਦਰਜ ਹੋਇਆ। ਗੋਲੀਬਾਰੀ ਤੋਂ ਬਾਅਦ ਦੋਸ਼ੀ ਨੂੰ ਤੇਜ਼ੀ ਨਾਲ ਭੱਜਦੇ ਵੇਖ ਕੇ ਇੱਕ ਪੁਲੀਸ ਅਫਸਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਦੋਸ਼ੀ ਦਾ ਪਿੱਛਾ ਕਰਨ ਦੀ ਬਜਾਏ ਸਟੋਰ ਦੇ ਅੰਦਰ ਜਾ ਕੇ ਪੀੜਤ ਨੂੰ ਤੜਪਦੀ ਵੇਖਿਆ ਤੇ ਹੰਗਾਮੀ ਮਦਦ ਸੱਦ ਕੇ ਹਸਪਤਾਲ ਪਹੁੰਚਾਇਆ। ਹਾਲਾਂਕਿ ਪਵਨਪ੍ਰੀਤ ਕੌਰ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਈ। ਜਾਂਚ ਦੌਰਾਨ ਪੁਲੀਸ ਨੇ ਦੋਸ਼ੀ ਵਿਰੁੱਧ ਠੋਸ ਸਬੂਤ ਇਕੱਤਰ ਕਰ ਲਏ, ਪਰ ਹੁਣ ਤੱਕ ਉਸ ਦੀ ਭਾਲ ਨਾ ਹੋ ਸਕੀ।
Advertisement
×